ਤੀਸਰੀ ਵਾਰ ਸਾਂਸਦ ਮੈਂਬਰ ਬਣੇ ਸਿਮਰਨਜੀਤ ਮਾਨ, ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਖ਼ਾਸ ਗੱਲਾਂ
ਚੰਡੀਗੜ੍ਹ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ 253154 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ। ਗੁਰਮੇਲ ਨੂੰ 2,46,828 ਵੋਟਾਂ ਮਿਲੀਆਂ। ਚੋਣ ਕਮਿਸ਼ਨ ਨੇ ਮਾਨ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਹੈ। ਜੇਕਰ ਸਿਮਰਨਜੀਤ ਸਿੰਘ ਮਾਨ ਦੇ ਜੀਵਨ 'ਤੇ ਝਾਤ ਮਾਰੀਏ 'ਤੇ ਸਿਮਰਨਜੀਤ ਸਿੰਘ ਮਾਨ ਦਾ ਜਨਮ 1945 ਵਿੱਚ ਸ਼ਿਮਲਾ ਵਿਖੇ ਹੋਇਆ। ਸਿਮਰਜੀਤ ਸਿੰਘ ਮਾਨ ਸਿਆਸੀ ਪਰਿਵਾਰ ਤੋਂ ਸਬੰਧਤ ਹਨ। ਉਨ੍ਹਾਂ ਦੇ ਪਿਤਾ ਲੈਫ ਕਰਨਲ ਜੋਗਿੰਦਰ ਸਿੰਘ ਮਾਨ 1967 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੀ। ਸਿਮਰਜੀਤ ਸਿੰਘ ਮਾਨ ਨੇ ਬਿਸ਼ਪ ਕਾਟਨ ਸਕੂਲ, ਸ਼ਿਮਲਾ ਅਤੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਸਿੱਖਿਆ ਪ੍ਰਾਪਤ ਕੀਤੀ। ਉਹ "ਇਤਿਹਾਸ", "ਪੰਜਾਬੀ", "ਧਰਮ" ਅਤੇ "ਰਾਜਨੀਤੀ ਵਿਗਿਆਨ" ਦੇ ਵਿਸ਼ਿਆਂ ਵਿੱਚ ਗੋਲਡ ਮੈਡਲਿਸਟ ਸਨ। ਸਿੱਖਿਆ--- ਸਿਮਰਨਜੀਤ ਮਾਨ ਨੇ 1966 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਬੀ ਏ ਆਨਰਜ਼ ਤੱਕ ਪੜ੍ਹਾਈ ਕੀਤੀ ਹੈ। 1966 ਵਿੱਚ ਕੇਂਦਰੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਸੀ। ਇਸ ਤੋਂ ਬਾਅਦ ਵਿੱਚ 1967 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਗਏ ਸਨ। ਏਐਸਪੀ ਲੁਧਿਆਣਾ, ਐਸਐਸਪੀ ਫਿਰੋਜ਼ਪੁਰ, ਐਸਐਸਪੀ ਫਰੀਦਕੋਟ ਰਹੇ। ਇਸ ਦੇ ਨਾਲ ਹੀ ਉਹ ਏਆਈਜੀ ਜੀਆਰਪੀ ਪੰਜਾਬ-ਪਟਿਆਲਾ ਡਵੀਜ਼ਨ, ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਰਹੇ। ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਅਤੇ ਸੀਆਈਐਸਐਫ, ਬੰਬਈ ਦੇ ਗਰੁੱਪ ਕਮਾਂਡੈਂਟ ਸਮੇਤ ਕਈ ਅਹੁਦਿਆਂ 'ਤੇ ਸੇਵਾ ਕੀਤੀ। ਪਾਕਿਸਤਾਨ ਤੋਂ ਡਰੱਗ ਸਮੱਗਲਰਾਂ 'ਤੇ ਸਭ ਤੋਂ ਸਫਲ ਕਾਰਵਾਈ ਦੀ ਅਗਵਾਈ ਕੀਤੀ ਤੇ ਉਸ ਸਮੇਂ 7403 ਦੇ ਕਰੀਬ ਨਸ਼ਾ ਤਸਕਰ ਅਤੇ ਗੁੰਡੇ ਫੜੇ ਗਏ। 1981 ਦੇ ਸ਼ਾਂਤਮਈ ਧਰਨਿਆਂ ਦੇ ਖਿਲਾਫ ਉਨ੍ਹਾਂ ਦੇ ਵਹਿਸ਼ੀ ਪ੍ਰਤੀਕਰਮਾਂ ਲਈ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਵੀ ਆਲੋਚਨਾ ਕੀਤੀ ਸੀ। ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ 18 ਜੂਨ 1984 ਨੂੰ ਭਾਰਤੀ ਪੁਲਿਸ ਸੇਵਾ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਵੀ ਪੜ੍ਹੋ: Sangrur Lok Sabha By-Election Results 2022: ਸਿਆਸਤ ਦੇ ਹਰ ਦਿੱਗਜ਼ ਨੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ, ਪੜ੍ਹੋ ਕਿਸਨੇ ਕੀ ਲਿਖਿਆ ਨਿੱਜੀ ਜੀਵਨ ਸਿਮਰਨਜੀਤ ਸਿੰਘ ਮਾਨ ਦੇ ਨਿੱਜੀ ਜੀਵਨ ਦੀ ਗੱਲ ਕਰੀਏ 'ਤੇ ਉਨ੍ਹਾਂ ਦਾ ਵਿਆਹ ਗੀਤਿੰਦਰ ਕੌਰ ਮਾਨ ਨਾਲ ਹੋਇਆ ਸੀ। ਮਾਨ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਭੈਣਾਂ ਹਨ। ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਸਿਆਸੀ ਜੀਵਨ ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਸਫ਼ਰ ਵਿਚ ਉਨ੍ਹਾਂ ਨੇ 1989 'ਚ 9ਵੀਂ ਲੋਕਸਭਾ ਤਰਨਤਾਰਨ ਤੋਂ ਲੜੀ ਅਤੇ ਜਿੱਤੀ। ਜੇਲ੍ਹ 'ਚ ਰਹਿੰਦੇ ਹੋਏ ਇਹ ਚੋਣ ਲੜਿਆ ਸੀ। ਉਹ ਭਾਗਲਪੁਰ ਦੀ ਜੇਲ੍ਹ 'ਚ ਨਜ਼ਰਬੰਦ ਰਹੇ ਸਨ, 527707 ਵੋਟ ਲੈ ਕੇ ਜਿੱਤ ਹਾਸਲ ਕੀਤੀ। ਕਾਂਗਰਸੀ ਉਮੀਦਵਾਰ ਅਜੀਤ ਸਿੰਘ ਮਾਨ ਨੂੰ ਹਰਾਇਆ। 1999 'ਚ ਸੰਗਰੂਰ ਤੋਂ ਦੂਜੀ ਵਾਰ ਸਾਂਸਦ ਬਣੇ। 2014 'ਚ ਇਸ ਸੀਟ ਤੋਂ ਜ਼ਮਾਨਤ ਜ਼ਬਤ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਸਿਰਫ਼ 13990 ਵੋਟ ਮਿਲੇ ਸਨ। 2019 ਵਿੱਚ ਆਮ ਚੋਣਾਂ ਦੌਰਾਨ ਉਹ ਚੋਣ ਮੈਦਾਨ ਵਿੱਚ ਸਨ ਅਤੇ ਹਾਰ ਗਏ ਸਨ। ਇਸ ਚੋਣ ਵਿੱਚ ਭਗਵੰਤ ਮਾਨ ਜੇਤੂ ਰਹੇ ਸਨ। ਜ਼ਿਕਰਯੋਗ ਹੈ ਕਿ 1999 ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਕੋਈ ਲੋਕ ਸਭਾ ਤੇ ਵਿਧਾਨ ਸਭਾ ਚੋਣ ਨਹੀਂ ਜਿੱਤੇ ਸਕੇ ਸਨ ਤੇ ਅੱਜ ਦੋ ਦਹਾਕਿਆਂ ਤੋਂ ਬਾਅਦ ਤੀਜੀ ਵਾਰ ਸਿਮਰਨਜੀਤ ਸਿੰਘ ਮਾਨ ਐਮ ਪੀ ਬਣਨ ਜਾ ਰਹੇ ਹਨ। -PTC News