ਸਿਮਰਜੀਤ ਬੈਂਸ ਦੀ ਵਿਰੋਧੀਆਂ ਨੂੰ ਚੁਣੌਤੀ ਕਿਹਾ "ਮੈਂ ਨਹੀਂ ਦੱਬਣ ਵਾਲਾ"
ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬੀਤੇ ਦਿਨ ਬੈਂਸ ਨੂੰ ਲੁਧਿਆਣਾ ਬਾਰ ਰੂਮ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ 9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: 14 ਫਰਵਰੀ ਨੂੰ ਪੰਜਾਬ ਆਉਣਗੇ PM ਮੋਦੀ, ਜਲੰਧਰ 'ਚ ਹੋਣ ਦੀ ਸੰਭਾਵਨਾ
ਸਿਮਰਜੀਤ ਸਿੰਘ ਬੈਂਸ ਨੂੰ ਜਾਂਚ ਵਿਚ ਸਹਿਯੋਗ ਦੇਣ ਦਾ ਭਰੋਸਾ ਲੈਣ ਤੋਂ ਬਾਅਦ ਛੱਡਿਆ ਗਿਆ। ਇਸ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਮੁੱਖੀ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਵੱਲੋਂ ਆਪਣੇ ਛੋਟੇ ਭਰਾ ਬਾਰੇ ਬਾਰ ਰੂਮ 'ਚ ਵਕੀਲ ਭਾਈਚਾਰੇ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਗਈ ਸੀ ਜਿਸ ਵਿਚ ਇਨਕੁਆਰੀ ਦੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਸ ਵਿੱਚ ਵੀ ਕੁਝ ਸਾਫ਼ ਵਿਖਾਈ ਨਾ ਦੇਣ ਕਰਕੇ ਇਸ ਦਾ ਫ਼ਾਇਦਾ ਸਿਮਰਜੀਤ ਸਿੰਘ ਬੈਂਸ ਨੂੰ ਮਿਲਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਬੈਂਸ ਨੂੰ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਕੁਝ ਸਮੇਂ ਲਈ ਰਾਹਤ ਮਿਲ ਚੁੱਕੀ ਹੈ।
ਹਿਰਾਸਤ ਤੋਂ ਛੁੱਟਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵਲੋਂ ਆਪਣੇ ਦਫ਼ਤਰ ਵਿੱਚ ਵੱਡਾ ਇਕੱਠ ਕੀਤਾ ਗਿਆ ਅਤੇ ਵਰਕਰਾਂ ਵੱਲੋਂ ਆਪਣੇ ਮੁੱਖੀ ਦੇ ਸਮਰਥਨ 'ਚ ਨਾਅਰੇ ਲਗਾਏ ਗਏ ਅਤੇ ਇਸ ਦੌਰਾਨ ਬੈਂਸ ਨੇ ਲਾਈਵ ਹੋ ਕੇ ਕਿਹਾ ਕਿ ਚੋਣ ਪ੍ਰਕਿਰਿਆ ਅਮਨੋ ਅਮਾਨ ਨਾਲ ਪੂਰੀ ਹੋ ਲੈਣ ਦਿਓ। ਉਨ੍ਹਾਂ ਕਿਹਾ ਕਿ ਇਹ ਸਭ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ, ਬੈਂਸ ਦਾ ਕਹਿਣਾ ਸੀ ਕਿ ਪਹਿਲਾਂ ਤੋਂ ਹੀ ਬੋਤਲਾਂ ਅਤੇ ਇੱਟਾਂ ਛੱਤਾਂ ਤੇ ਚੜ੍ਹਾਈਆਂ ਗਈਆਂ ਸਨ ਅਤੇ ਉਨ੍ਹਾਂ ਦੇ ਆਉਂਦਿਆਂ ਹੀ ਇਹ ਸਭ ਹੋਇਆ।
ਸਿਮਰਜੀਤ ਬੈਂਸ ਨੇ ਲਾਈਵ ਵੀਡੀਓ 'ਚ ਵਿਰੋਧੀਆਂ ਨੂੰ ਕਿਹਾ ਕਿ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾ ਰਚਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਰਕਰ ਨੂੰ ਜੇਕਰ ਖਰੋਚ ਵੀ ਆਈ ਤਾਂ ਸਿਮਰਜੀਤ ਸਿੰਘ ਬੈਂਸ ਪਹਿਲਾਂ ਗਰਦਨ ਕਟਵਾਉਣ ਵਾਲਿਆਂ 'ਚੋਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਮੈਦਾਨ ਵਿੱਚ ਡਟੇ ਰਹਿਣਗੇ।
ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚਾ ਵੱਲੋਂ ਪੰਜਾਬ ਦੇ ਵਿਕਾਸ ਲਈ ਦਿੱਤੇ 20 ਏਜੰਡੇ
ਪਾਰਟੀ ਦੇ ਮੁੱਖੀ ਦਾ ਕਹਿਣਾ ਸੀ ਕਿ ਪਹਿਲਾਂ ਵੀ ਅਜਿਹੇ ਕਈ ਪਰਚੇ ਉਨ੍ਹਾਂ ਤੇ ਹੋ ਚੁੱਕੇ ਨੇ ਅਤੇ ਰੱਦ ਵੀ ਕੀਤੇ ਜਾ ਚੁੱਕੇ ਨੇ ਪਰ ਸਿਮਰਜੀਤ ਬੈਂਸ ਨੇ ਹਮੇਸ਼ਾ ਹਰ ਔਖੀ ਘੜੀ ਦਾ ਡਟ ਕੇ ਮੁਕਾਬਲਾ ਕੀਤਾ।
-PTC News