ਜਬਰ-ਜਨਾਹ ਮਾਮਲਾ: ਸਿਮਰਜੀਤ ਸਿੰਘ ਬੈਂਸ ਨੂੰ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਲੁਧਿਆਣਾ: ਜਬਰ ਜਨਾਹ ਮਾਮਲੇ ਵਿਚ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਦੇ ਲੁਧਿਆਣਾ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਜਬਰ ਜਨਾਹ ਮਾਮਲੇ ਦੇ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਬਾਕੀ 4 ਦੋਸ਼ੀਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਕਸਟਿਡੀ 'ਤੇ ਜੇਲ੍ਹ ਭੇਜ ਦਿੱਤਾ ਗਿਆ ਸੀ। ਪੁਲਿਸ ਅੱਜ ਚੌਥੀ ਵਾਰ ਬੈਂਸ ਨੂੰ ਅਦਾਲਤ ਵਿੱਚ ਪੇਸ਼ ਕਰਨ ਆਈ ਸੀ। ਸਾਬਕਾ ਵਿਧਾਇਕ ਤੋਂ ਰਿਮਾਂਡ 'ਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ ਪਰ ਬੈਂਸ ਆਪਣੀ ਜ਼ਿੱਦ 'ਤੇ ਅੜੇ ਹੋਏ ਹਨ ਅਤੇ ਸਹਿਯੋਗ ਨਹੀਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ 4 ਸਾਥੀਆਂ ਸਮੇਤ ਅਦਾਲਤ 'ਚ ਸਿਰੰਡਰ ਕੀਤਾ ਸੀ। ਪੁਲਿਸ ਨੇ ਪਹਿਲਾਂ ਬੈਂਸ ਤੇ ਉਸ ਦੇ ਸਾਥੀਆਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਦੂਜੀ ਵਾਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਹੁਣ ਜਬਰ ਜਨਾਹ ਮਾਮਲੇ ਦੇ ਵਿੱਚ ਹੁਣ ਤਕ ਕੁੱਲ ਸੱਤੇ ਦੇ ਸੱਤੇ ਆਰੋਪੀ ਨਿਆਂਇਕ ਹਿਰਾਸਤ ਵਿੱਚ ਹਨ। ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਅੱਜ PWD ਦੇ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ ਦੱਸ ਦੇਈਏ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ 6 ਹੋਰਾਂ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੋਇਆ ਸੀ। ਜ਼ਿਕਰਯੋਗ ਹੈ ਕਿ 44 ਸਾਲਾ ਮਹਿਲਾ ਨੇ ਸਿਮਰਜੀਤ ਸਿੰਘ ਬੈਂਸ 'ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ। ਪਿਛਲੇ ਦਿਨੀਂ ਪੀੜਤਾ ਨੇ ਲੁਧਿਆਣਾ ਦੇ ਕਮਿਸ਼ਨਰ ਦਫ਼ਤਰ ਦੇ ਬਾਹਰੋਂ ਵੀ ਆਪਣਾ ਧਰਨਾ ਚੁੱਕ ਲਿਆ ਸੀ। ਪੀੜਤਾਂ ਦਾ ਕਹਿਣਾ ਹੈ ਕਿ ਹੁਣ ਸਾਰੇ ਆਰੋਪੀ ਪੁਲਸ ਦੀ ਗ੍ਰਿਫਤ 'ਚ ਹਨ ਤੇ ਇਸ ਨਾਲ ਉਸ ਨੂੰ ਰਾਹਤ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿਚ ਉਹ ਆਸ ਕਰਦੀ ਹੈ ਕਿ ਅਦਾਲਤ ਸੁਣਵਾਈ ਦੌਰਾਨ ਸਾਰੇ ਆਰੋਪੀਆਂ ਨੂੰ ਅਦਾਲਤ ਸਜ਼ਾ ਸੁਣਾਵੇ। -PTC News