ਸਿਮਰਜੀਤ ਸਿੰਘ ਬੈਂਸ ਨੂੰ ਮੁੜ ਦੋ ਦਿਨ ਦੇ ਰਿਮਾਂਡ 'ਤੇ ਭੇਜਿਆ, ਬਾਕੀ ਮੁਲਜ਼ਮ ਨਿਆਇਕ ਹਿਰਾਸਤ 'ਚ ਭੇਜੇ
ਲੁਧਿਆਣਾ : ਜਬਰ ਜਨਾਹ ਮਾਮਲੇ ਵਿੱਚ ਘਿਰੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਸਿਮਰਜੀਤ ਸਿੰਘ ਬੈਂਸ ਤੇ ਬਾਕੀ ਹੋਰ ਚਾਰ ਮੁਲਜ਼ਮਾਂ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਕੀਤਾ ਗਿਆ। ਅਦਾਲਤ ਵਿੱਚ ਪੁਲਿਸ ਨੇ ਬੈਂਸ ਉਤੇ ਜਾਂਚ ਵਿੱਚ ਸਹਿਯੋਗ ਨਾ ਕਰਨ ਦੇ ਦੋਸ਼ ਲਗਾਏ। ਅਦਾਲਤ ਵਿੱਚ ਪੁਲਿਸ ਨੇ ਮੁਲਜ਼ਮਾਂ ਦਾ ਦੁਬਾਰਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਸਿਰਫ਼ ਸਿਮਰਜੀਤ ਸਿੰਘ ਬੈਂਸ ਨੂੰ ਹੀ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜਿਆ ਤੇ ਜਦਕਿ ਬਾਕੀ ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਵਿੱਚ ਬਹਿਸ ਦੌਰਾਨ ਪੁਲਿਸ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਸਹੀ ਤਰੀਕੇ ਨਾਲ ਨਹੀਂ ਦੇ ਰਿਹਾ। ਜਬਰ ਜਨਾਹ ਮਾਮਲੇ ਨੂੰ ਲੈ ਕੇ ਜੋ ਵੀ ਉਨ੍ਹਾਂ ਕੋਲੋਂ ਪੁੱਛਿਆ ਜਾ ਰਿਹਾ ਸਿਮਰਜੀਤ ਸਿੰਘ ਬੈਂਸ ਸਵਾਲਾਂ ਤੋਂ ਭੱਜ ਰਿਹਾ ਹੈ। ਪੁਲਿਸ ਨੇ ਅਦਾਲਤ ਵਿੱਚ ਇਹ ਵੀ ਆਖਿਆ ਕਿ ਸਿਮਰਜੀਤ ਸਿੰਘ ਬੈਂਸ ਦੀ ਆਵਾਜ਼ ਦੇ ਨਮੂਨੇ ਵੀ ਲੈਣੇ ਹਨ ਤਾਂ ਕਿ ਜਿਹੜੀਆਂ ਕਾਲ ਰਿਕਾਰਡਿੰਗ ਉਨ੍ਹਾਂ ਦੇ ਹੱਥ ਲੱਗੀਆਂ ਹਨ ਉਨ੍ਹਾਂ ਨਾਲ ਆਵਾਜ਼ ਨੂੰ ਮਿਲ਼ਾ ਕੇ ਵੇਖਿਆ ਜਾ ਸਕੇ ਪਰ ਸਿਮਰਜੀਤ ਸਿੰਘ ਬੈਂਸ ਆਵਾਜ਼ ਦੇ ਨਮੂਨੇ ਵੀ ਨਹੀਂ ਦੇ ਰਿਹਾ। ਪੀੜਤਾ ਦੇ ਵਕੀਲ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਕਿ ਜਿਹੜਾ ਵੀ ਮੁਲਜ਼ਮ ਹੈ ਜੇ ਪੁਲਿਸ ਉਸ ਦੀ ਆਵਾਜ਼ ਦੇ ਨਮੂਨੇ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੀ ਹੈ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਦੇ ਘਰ ਛਾਪੇਮਾਰੀ ਵੀ ਕੀਤੀ ਹੈ ਕਿਉਂਕਿ ਬੈਂਸ ਦੇ ਦਫ਼ਤਰ ਵਿੱਚ ਕੰਪਿਊਟਰ ਤੇ ਲੈਪਟਾਪ ਨੂੰ ਪੁਲਿਸ ਜ਼ਬਤ ਕਰਨਾ ਚਾਹੁੰਦੀ ਸੀ ਪਰ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਵੀ ਪੁਲਿਸ ਨੂੰ ਸਹਿਯੋਗ ਨਹੀਂ ਦੇ ਰਿਹਾ ਹੈ। ਅਦਾਲਤ ਵਿੱਚ ਦੋਵਾਂ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ ਤੇ ਬਾਕੀ ਚਾਰ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਕਾਬਿਲੇਗੌਰ ਹੈ ਕਿ ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਥੇ ਅਦਾਲਤ ਨੇ ਦੁਬਾਰਾ ਸਿਮਰਜੀਤ ਬੈਂਸ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਹੈ। ਅੱਜ ਪੇਸ਼ੀ ਦੌਰਾਨ ਪੁਲਿਸ ਨੇ ਹੋਰ ਤਫ਼ਤੀਸ਼ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿੱਚ ਹੀ ਬੈਂਸ ਦੇ ਭਰਾ ਕਰਮਜੀਤ ਅਤੇ ਇੱਕ ਹੋਰ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਜਿਸਮਾਨੀ ਸ਼ੋਸ਼ਣ ਮਾਮਲੇ 'ਚ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤਾ ਸੀ ਤੇ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਇਸ ਮਾਮਲੇ 'ਚ ਸਿਮਰਜੀਤ ਬੈਂਸ ਸਮੇਤ ਬਾਕੀ ਦੋਸ਼ੀਆਂ ਨੇ ਵੀ ਆਤਮ-ਸਮਰਪਣ ਕਰ ਦਿੱਤਾ ਸੀ ਤੇ ਹੁਣ ਸਿਮਰਜੀਤ ਬੈਂਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਇਹ ਵੀ ਪੜ੍ਹੋ : ਔਰਤਾਂ ਲਈ ਮੁਫ਼ਤ ਸਰਕਾਰੀ ਬੱਸ ਸਫ਼ਰ ਪੰਜਾਬ ਸਰਕਾਰ ਲਈ ਬਣਿਆ ਸਿਰਦਰਦੀ