ਚੰਡੀਗੜ੍ਹ, 10 ਮਈ: ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਲੀਗਲ ਕੌਂਸਲਰ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਵੋਇਸ ਨੋਟ ਰਾਹੀਂ ਧਮਕੀ ਭਰਿਆ ਸੰਦੇਸ਼ ਜਾਰੀ ਕਰਕੇ ਮੋਹਾਲੀ 'ਚ ਹੋਏ ਹਮਲੇ ਤੋਂ ਸਬਕ ਲੈਣ ਲਈ ਕਿਹਾ ਹੈ। ਉਸਦਾ ਕਹਿਣਾ ਸੀ ਕਿ ਮੋਹਾਲੀ ਦੀ ਥਾਂ ਇਹ ਧਮਾਕਾ ਸ਼ਿਮਲਾ ਵਿਚ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋ: ਮੋਹਾਲੀ ਬੰਬ ਧਮਾਕਾ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ 'ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ'; ਉੱਚ ਪੱਧਰੀ ਮੀਟਿੰਗ ਅੱਜ
ਪੰਨੂ ਨੇ ਆਉਣ ਵਾਲੀ 6 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਖਾਲਿਸਤਾਨ ਰੈਫਰੈਂਡਮ 20-20 ਦੀ ਵੋਟਿੰਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਨੂ ਨੇ ਧਰਮਸ਼ਾਲਾ ਅਸੈਂਬਲੀ ਕੰਪਲੈਕਸ ਵਿੱਚ ਖਾਲਿਸਤਾਨ ਦੇ ਝੰਡੇ ਝੁਲਾਉਣ ਦੀ ਘਟਨਾ ਦੀ ਵੀ ਜ਼ਿੰਮੇਵਾਰੀ ਲਈ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੇਨ ਗੇਟ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਤੋਂ ਬਾਅਦ ਸਿੱਖ ਫਾਰ ਜਸਟਿਸ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਸ ਸੰਗਠਨ 'ਤੇ ਕੇਂਦਰ ਸਰਕਾਰ ਨੇ 2019 'ਚ ਪਾਬੰਦੀ ਲਗਾ ਦਿੱਤੀ ਸੀ। ਇਹ ਸੰਗਠਨ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ ਅਤੇ ਇਸੇ ਕਾਰਨ ਸੁਰਖੀਆਂ ਵਿੱਚ ਵੀ ਰਹਿੰਦਾ ਹੈ।
ਇਸ ਲਿੰਕ 'ਤੇ ਕਲਿਕ ਕਰਕੇ ਸੁਣੋ
ਨੋਟ: ਇਹ ਵੋਇਸ ਨੋਟ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਹੋਇਆ ਹੈ ਪੀਟੀਸੀ ਨਿਊਜ਼ ਇਸ ਤੋਂ ਸਬੰਧਤ ਕਿਸੀ ਤਰ੍ਹਾਂ ਦੀ ਵੀ ਜਿੰਮੇਵਾਰੀ ਨਹੀਂ ਲੈਂਦਾ ਹੈ
ਹਿਮਾਚਲ 'ਚ ਵਿਧਾਨ ਸਭਾ ਦੇ ਮਨ ਗੇਟ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ 'ਚ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੰਨੂ ਖਿਲਾਫ਼ ਗੈਰਕਾਨੂੰਨੀ ਗਤੀਵਿਧੀਆਂ ਸੁਰੱਖਿਆ ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਦਾ ਚਿਹਰਾ ਹੈ ਅਤੇ ਉਹ ਇਸ ਕੇਸ ਦਾ ਮੁੱਖ ਦੋਸ਼ੀ ਵੀ ਹੈ। ਪੰਨੂ ਨੇ ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਸ਼ਿਮਲਾ 'ਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਐਲਾਨ ਕੀਤਾ ਸੀ।
ਹਿਮਾਚਲ ਪ੍ਰਦੇਸ਼ ਅਤੇ ਗੁਆਂਢੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਦੀਆਂ ਰਿਪੋਰਟਾਂ ਅਤੇ ਕਥਿਤ ਤੌਰ 'ਤੇ 6 ਜੂਨ ਨੂੰ ਖਾਲਿਸਤਾਨੀ "ਰੈਫਰੈਂਡਮ ਦਿਵਸ" ਵਜੋਂ ਘੋਸ਼ਿਤ ਕਰਨ ਦੇ ਵਿਚਕਾਰ, ਰਾਜ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਪੂਰੇ ਰਾਜ ਦੇ ਨਾਲ-ਨਾਲ ਸਰਹੱਦਾਂ ਨੂੰ "ਸੀਲ" ਕਰ ਦਿੱਤਾ ਹੈ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ: ਤੇਜਿੰਦਰਪਾਲ ਬੱਗਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ ਅੱਜ
ਹਿਮਾਚਲ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਕਿਹਾ ਕਿ ਪੰਨੂ ਦੇ ਖਿਲਾਫ਼ ਯੂਏਪੀਏ ਦੀ ਧਾਰਾ 13 ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 153ਏ ਅਤੇ 153ਬੀ ਤੋਂ ਇਲਾਵਾ ਹੋਰ ਧਾਰਾਵਾਂ ਦੇ ਤਹਿਤ ਮੁੱਖ ਦੋਸ਼ੀ ਵਜੋਂ ਮਾਮਲਾ ਦਰਜ ਕੀਤਾ ਗਿਆ ਹੈ।
- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ
-PTC News