Wed, Nov 13, 2024
Whatsapp

"ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ"

Reported by:  PTC News Desk  Edited by:  Jasmeet Singh -- November 28th 2022 07:35 AM -- Updated: November 28th 2022 07:37 AM

"ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ"

Sri Guru Tegh Bahadur Sahib: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਸਮੁੱਚੀ ਮਾਨਵਤਾ ਲਈ ਸਿਦਕ, ਸਚਿਆਰਤਾ, ਭਰੋਸੇ, ਅਡੋਲ ਇਰਾਦੇ ਅਤੇ ਮਨੁੱਖੀ ਹੱਕਾਂ ਦੀ ਸੁਤੰਤਰਤਾ ਦਾ ਵਿਲੱਖਣ ਅਧਿਆਇ ਹੈ ਜੋ ਸਮੁੱਚੀ ਮਾਨਵ ਜਾਤੀ ਨੂੰ ਸਵੈਮਾਨ ਅਤੇ ਦਲੇਰੀ ਦੇ ਸਦਗੁਣਾਂ ਦਾ ਰਾਹਗੀਰ ਬਣਾਉਂਦਾ ਹੈ । ਮੱਧਕਾਲੀ ਭਾਰਤੀ ਜੀਵਨ ਜਦੋਂ ਬਾਹਰੀ ਰਾਜਸੀ ਪ੍ਰਾਧੀਨਤਾ ਦਾ ਸ਼ਿਕਾਰ ਸੀ ਅਤੇ ਅੰਦਰੋਂ ਪਾਖੰਡਪੁਣੇ ਨੂੰ ਹੀ ਧਰਮ ਮੰਨੀ ਬੈਠਾ ਸੀ ਤਾਂ ਗੁਰੂ ਸਾਹਿਬ ਨੇ ਸਮੁੱਚੀ ਮਾਨਵ ਜਾਤੀ ਨੂੰ ਅਸਲ ਧਰਮ ਦੀ ਪਹਿਚਾਣ ਕਰਨ ਦਾ ਮਾਰਗ ਦਸਿਆ । ਸ੍ਰੀ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ 1 ਅਪ੍ਰੈਲ, 1621 ਈ. ਨੂੰ ਪ੍ਰਕਾਸ਼ ਧਾਰਨ ਵਾਲੇ ਨੌਵੇਂ ਸਤਿਗੁਰ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਸਨ । ਸਮੇਂ ਦੀ ਹਾਲਾਤਾਂ ਨੂੰ ਵੇਖਦਿਆਂ ਪਿਤਾ ਗੁਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਦਿਆ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਪਾਸੋਂ ਕਰਵਾਈ । ਇਤਿਹਾਸਕ ਪ੍ਰਮਾਣਾਂ ਮੁਤਾਬਕ ਗੁਰੂ ਸਾਹਿਬ ਅਜੇ 13 ਵਰ੍ਹਿਆਂ ਦੇ ਸਨ ਜਦੋਂ ਕਰਤਾਰਪੁਰ ਦੀ ਜੰਗ ਵਿਚ ਤੇਗ ਦੇ ਜੌਹਰ ਦਿਖਾ ਗੁਰੂ ਪਿਤਾ ਪਾਸੋਂ ਤੇਗ ਬਹਾਦਰ ਨਾਮ ਦੀ ਅਸੀਸ ਪ੍ਰਾਪਤ ਕੀਤੀ । ਅੱਠਵੀਂ ਨਾਨਕ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬੇ ਬਕਾਲੇ ਵਿਖੇ ਗੁਰਿਆਈ ਪ੍ਰਾਪਤ ਕੀਤੀ ਉਸ ਸਮੇਂ ਗੁਰੂ ਸਾਹਿਬ ਨੇ ਨਿਡਰਤਾ ਅਤੇ ਧੀਰਜ ਨਾਲ ਧੀਰਮੱਲੀਆਂ ਦੇ ਵਿਰੋਧ ਅਤੇ ਬਾਹਰੀ ਪਾਖੰਡਪੁਣੇ ਅਤੇ ਚੁਣੌਤੀਆਂ ਤੋਂ ਸਿੱਖੀ ਸਿਧਾਂਤਾਂ ਨੂੰ ਆਪਣੀ ਦੀਰਘ ਦ੍ਰਿਸ਼ਟੀ ਨਾਲ ਤਕੜਾ ਰਖਿਆ ।

'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ' ਦੀ ਸੁਤੰਤਰ ਪਹਿਚਾਣ ਨਾਲ ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਸਵੈ ਪਹਿਚਾਣ, ਧਾਰਮਿਕ ਆਜ਼ਾਦੀ ਅਤੇ ਨਿਡਰਤਾ ਦੀ ਅਗਵਾਈ ਦਿੱਤੀ ।


ਗੁਰੂ ਸਾਹਿਬ ਦੀ 15 ਰਾਗਾਂ ਵਿਚ ਦਰਜ ਸਮੁੱਚੀ ਬਾਣੀ ਹਰ ਮਾਨਵ ਮਨ ਨੂੰ ਆਦਰਸ਼ਕ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ । ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਅਤੇ ਜ਼ੁਲਮਾਂ ਨੂੰ ਠੱਲ ਪਾਉਂਦਿਆਂ ਗੁਰੂ ਸਾਹਿਬ ਨੇ ਧਰਮ ਹਿੱਤ ਆਪਣਾ ਸੀਸ ਭੇਟ ਕਰਦਿਆਂ ਮਨੁੱਖੀ ਹੱਕਾਂ ਦੀ ਰਖਵਾਲੀ, ਮਨੁੱਖ ਦੀ ਧਾਰਮਿਕ ਆਜ਼ਾਦੀ ਅਤੇ ਰਾਜਸੀ ਅਤਿਆਚਾਰਾਂ ਵਿਰੁੱਧ ਮਨੁੱਖ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਨਵੇਕਲੀ ਰਹੁ ਰੀਤ ਕਾਇਮ ਕੀਤੀ । ਅੱਜ ਜਦੋਂ ਸਮੁੱਚੀ ਮਨੁੱਖ ਜਾਤੀ ਧਾਰਮਿਕ ਅਸਹਿਣਸ਼ੀਲਤਾ, ਮਜ਼ਹਬੀ ਕੱਟੜਤਾ, ਨਫਰਤੀ ਭਾਵਨਾ ਦਾ ਸ਼ਿਕਾਰ ਹੁੰਦਿਆਂ ਭਾਈਚਾਰਕ ਸਾਂਝ ਨੂੰ ਭੁਲਦਿਆਂ ਅਸਲ ਧਰਮ ਦੇ ਅਰਥਾਂ ਨੂੰ ਭੁਲਾਉਂਦੀਆਂ ਪਰਸਪਰ ਪ੍ਰੇਮ ਅਤੇ ਮਿਲਵਰਤਨ ਤੋਂ ਵਾਂਝਾ ਹੋ ਰਹੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸ਼ਹਾਦਤ ਸਾਨੂੰ ਬੇਖੌਫ ਜੀਵਨ ਧਾਰਾ ਪ੍ਰਦਾਨ ਕਰਦਿਆਂ ਨਿਡਰਤਾ, ਸਾਹਸ ਅਤੇ ਦਲੇਰੀ ਦੇ ਅਰਥ ਧਾਰਨ ਕਰਨ ਦਾ ਸਬੱਬ ਪ੍ਰਦਾਨ ਕਰਦੀ ਹੈ । ਆਓ ਗੁਰੂ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਗੁਰੂ ਸਾਹਿਬ ਦੇ ਪਾਵਨ ਫੁਰਮਾਨ 'ਮਨ ਰੇ ਪ੍ਰਭ ਕੀ ਸਰਨ ਬੀਚਾਰੋ' ਦੀ ਓਟ ਪ੍ਰਾਪਤ ਕਰਦਿਆਂ 'ਹਰਿ ਕੋ ਨਾਮੁ ਸਦਾ ਸੁਖਦਾਈ' ਦਾ ਆਸਰਾ ਪ੍ਰਾਪਤ ਕਰੀਏ ।

- PTC NEWS

Top News view more...

Latest News view more...

PTC NETWORK