ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼
ਧੰਨੁ ਧੰਨੁ ਧੰਨੁ ਜਨੁ ਆਇਆ॥
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ॥
ਜਨ ਆਵਨ ਕਾ ਇਹੈ ਸੁਆਉ॥
ਜਨ ਕੈ ਸੰਗਿ ਚਿਤਿ ਆਵੈ ਨਾਉ॥
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥
ਸਿੱਖ ਪੰਥ ਦੇ ਇਤਿਹਾਸ ਨੂੰ ਜਦੋਂ ਡੂੰਘਾਈ ਨਾਲ ਵਾਚਦੇ ਹਾਂ ਤਾਂ ਇਸ ਵਿਚ ਅਨੇਕਾਂ ਹੀ ਮਰਜੀਵੜੇ ਯੋਧਿਆਂ ਦੀ ਦਾਸਤਾਨ ਸਾਡੇ ਸਾਹਮਣੇ ਆਉਂਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤੱਕ ਦਸਾਂ ਪਾਤਸ਼ਾਹੀਆਂ ਤੱਕ ਉਹਨਾਂ ਗੁਰੂ ਪੁੱਤਰਾਂ ਦਾ ਵੀ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਗੁਰੂ ਘਰ ਦੀ ਮਰਿਆਦਾ ਦੇ ਨਾਲ-ਨਾਲ ਗੁਰਬਾਣੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਆਪਣਾ ਆਪ ਕੁਰਬਾਨ ਕਰ ਦਿੱਤਾ। ਜਦੋਂ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਤਾਂ ਅਕਸਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਪੁੱਤਰਾਂ ਨੂੰ ਹੀ ਸਾਹਿਬਜ਼ਾਦਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਹ ਸਾਹਿਬਜ਼ਾਦੇ, ਜਿਨ੍ਹਾਂ ਦਾ ਵਡਮੁੱਲਾ ਸਥਾਨ ਹੈ, ਸਿੱਖ ਪੰਥ ਦੇ ਵਿਚ ਅਤੇ ਉਹ ਸਾਹਿਬਜ਼ਾਦੇ, ਜਿਨ੍ਹਾਂ ਦੀ ਅਦੁੱਤੀ ਸ਼ਹਾਦਤ ਨੇ ਸਿੱਖ ਪੰਥ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ।
ਸਾਹਿਬਜ਼ਾਦਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ 'ਬਾਦਸ਼ਾਹ ਦਾ ਪੁੱਤਰ'। ਸਿੱਖ ਭਾਵਨਾ ਤਹਿਤ ਗੁਰੂ ਪੁੱਤਰਾਂ ਨੂੰ ਸਾਹਿਬਜ਼ਾਦਾ ਕਿਹਾ ਜਾਂਦਾ ਹੈ। ਜ਼ਿਆਦਾਤਰ ਇਹ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਲਈ ਪ੍ਰਚੱਲਿਤ ਹੋ ਗਿਆ। ਗੁਰੂ ਪੁੱਤਰਾਂ ਵਿਚੋਂ ਉਹ ਚਾਰ ਸਾਹਿਬਜ਼ਾਦੇ, ਜਿਹੜੇ ਸਿਦਕ ਨਾਲ, ਦ੍ਰਿੜਤਾ ਦੇ ਨਾਲ ਸਿਰ-ਧੜ ਦੀ ਬਾਜ਼ੀ ਲਗਾ ਗਏ, ਪਰ ਝੁਕੇ ਨਹੀਂ। ਉਹ ਗੁਰੂ ਪੁੱਤਰ ਚਾਰ ਸਾਹਿਬਜ਼ਾਦੇ ਹਨ: ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ।
ਇਹਨਾਂ ਵਿਚੋਂ 'ਬਾਬਾ ਫ਼ਤਹਿ ਸਿੰਘ ਜੀ' ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਦਾ ਜਨਮ ਸੰਨ 1699 ਈ: ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਹੋਇਆ। ਘਰ ਵਿਚ ਸਭ ਤੋਂ ਛੋਟੇ ਪੁੱਤਰ ਹੋਣ ਕਰਕੇ ਆਪ ਆਪਣੇ ਸਤਿਕਾਰਯੋਗ ਮਾਤਾ, ਮਾਤਾ ਜੀਤੋ ਜੀ ਅਤੇ ਦਾਦੀ ਮਾਂ, ਮਾਤਾ ਗੂਜਰੀ ਜੀ ਦੇ ਬਹੁਤ ਲਾਡਲੇ ਸਨ। ਆਪ ਜੀ ਦਾ ਬਚਪਨ ਵਿਚ ਗੁਰਬਾਣੀ ਨਾਲ ਬਹੁਤ ਖ਼ਾਸ ਲਗਾਉ ਸੀ। ਆਪ ਬੜੇ ਸੁੰਦਰ ਢੰਗ ਨਾਲ ਗੁਰਬਾਣੀ ਪੜ੍ਹਦੇ ਅਤੇ ਗੁਰਬਾਣੀ ਗਾਉਂਦੇ। ਅਜੇ ਆਪ ਜੀ ਦੀ ਉਮਰ ਦੋ ਸਾਲ ਦੀ ਹੀ ਸੀ ਕਿ ਮਾਤਾ ਜੀਤੋ ਜੀ ਸਦਾ ਲਈ ਵਿਛੋੜਾ ਦੇ ਗਏ। ਇਸ ਉਪਰੰਤ ਮਾਤਾ ਗੂਜਰੀ ਜੀ ਨੇ ਆਪ ਜੀ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਰੱਖਿਆ। ਵੱਡੇ ਸਾਹਿਬਜ਼ਾਦਿਆਂ ਵਾਂਗ ਆਪ ਜੀ ਨੂੰ ਸੈਨਿਕ ਸਿਖਲਾਈ ਦੀ ਗੁੜ੍ਹਤੀ ਦਿੱਤੀ ਗਈ।
ਇਤਿਹਾਸਕ ਸਰੋਤਾਂ ਦੇ ਅਨੁਸਾਰ ਨਿਹੰਗ ਸਿੰਘਾਂ ਦੀ ਆਰੰਭਤਾ ਬਾਬਾ ਫ਼ਤਹਿ ਸਿੰਘ ਤੋਂ ਹੋਈ ਹੈ। ਨਿਹੰਗ ਸਿੰਘ ਜੱਥੇਬੰਦੀ ਦੇ ਸਭ ਤੋਂ ਪਹਿਲੇ ਜੱਥੇਦਾਰ ਬਾਬਾ ਫ਼ਤਹਿ ਸਿੰਘ ਜੀ ਸਨ। ਸੰਨ 1704 ਈ: ਵਿਚ ਪਹਿਲਾ ਨਿਹੰਗ ਸਿੰਘਾਂ ਦਾ ਜੱਥਾ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਵਿਚ ਸਥਾਪਿਤ ਕੀਤਾ ਗਿਆ।
ਸਮਾਂ ਆਪਣੀ ਰਫਤਾਰ ਚੱਲਦਾ ਗਿਆ। ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਸਰਸਾ ਨਦੀ ਪਾਰ ਕਰਦਿਆਂ ਪਰਿਵਾਰ ਦਾ ਵਿਛੋੜਾ ਹੋ ਗਿਆ। ਦੋ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਧਰਤੀ 'ਤੇ ਪਹੁੰਚੇ ਅਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਮਾਤਾ ਗੂਜਰੀ ਜੀ ਦੇ ਨਾਲ ਸਰਹਿੰਦ ਦੀ ਧਰਤੀ 'ਤੇ ਪਹੁੰਚ ਗਏ। ਸਰਹੰਦ ਦੀ ਧਰਤੀ 'ਤੇ ਪਹੁੰਚਣ ਤੋਂ ਪਹਿਲਾਂ ਜਦੋਂ ਸਰਸਾ ਨਦੀ ਪਾਰ ਕਰਕੇ ਮਾਤਾ ਜੀ ਤੇ ਸਾਹਿਬਜ਼ਾਦੇ ਜੰਗਲਾਂ ਵਿਚੋਂ ਹੁੰਦੇ ਹੋਏ ਸਹੇੜੀ ਪਹੁੰਚੇ, ਜਿਥੇ ਗੰਗੂ ਬ੍ਰਾਹਮਣ, ਜੋ ਕਿ ਗੁਰੂ ਘਰ ਦਾ ਲੰਬੇ ਸਮੇਂ ਤੋਂ ਰਸੋਈਆ ਸੀ, ਉਹ ਆਪਣੇ ਨਾਲ ਲੈ ਗਿਆ। ਜਿਥੇ ਇਤਿਹਾਸ ਦੇ ਪੰਨੇ ਇਹ ਵੀ ਕਹਿੰਦੇ ਹਨ ਕਿ ਮੋਹਰਾਂ ਦੇ ਲਾਲਚ ਵਿਚ ਗੰਗੂ ਨੇ ਮੋਰਿੰਡੇ ਥਾਣੇ ਵਿਚ ਸ਼ਿਕਾਇਤ ਕਰ ਦਿੱਤੀ। ਜਿਸ ਸਦਕਾ ਮਾਤਾ ਜੀ ਅਤੇ ਸਾਹਿਬਜ਼ਾਦੇ ਕੁਝ ਸਮਾਂ ਮਰਿੰਡੇ ਥਾਣੇ ਵਿਚ ਵੀ ਰਹੇ ਅਤੇ ਮਰਿੰਡੇ ਦੇ ਥਾਣੇਦਾਰ ਨੇ ਸਰਹਿੰਦ ਵਜ਼ੀਰ ਖ਼ਾਨ ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਬਾਰੇ ਦੱਸਿਆ। ਫਿਰ ਵਜ਼ੀਰ ਖਾਨ ਦੇ ਕਹਿਣ ਸਦਕਾ ਮੋਰਿੰਡੇ ਤੋਂ ਬਾਅਦ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਠੰਡੇ ਬੁਰਜ ਵਿਚ ਲਿਆਂਦਾ ਗਿਆ। ਠੰਡੇ ਬੁਰਜ ਵਿਚ ਮਾਤਾ ਗੂਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਰੱਖਿਆ ਗਿਆ। ਬਹੁਤ ਤਸੀਹੇ ਦਿੱਤੇ ਗਏ। ਪਰ ਦਾਦੀ ਮਾਂ, ਮਾਂ ਗੂਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਇਕੋ ਗੱਲ ਸਮਝਾਈ ਕਿ ਬੇਟਾ ! ਤੁਸੀਂ ਹਮੇਸ਼ਾਂ ਯਾਦ ਰੱਖਣਾ, ਤੁਹਾਡੇ ਪਿਤਾ ਦਾ ਨਾਮ 'ਗੁਰੂ ਗੋਬਿੰਦ ਸਿੰਘ' ਹੈ ਤੇ ਤੁਹਾਡੇ ਦਾਦਾ 'ਗੁਰੂ ਤੇਗ ਬਹਾਦਰ ਸਾਹਿਬ ਜੀ' ਹਨ। ਅੱਗੋਂ ਸਾਹਿਬਜ਼ਾਦੇ ਬੋਲੇ, ਦਾਦੀ ਮਾਂ, ਤੁਸੀਂ ਠੰਡੇ ਬੁਰਜ ਦੇ ਉੱਪਰ ਖਲੋ ਕੇ ਵੇਖਿਓ, ਤੁਹਾਡੇ ਪੋਤਰੇ ਹੱਸ-ਹੱਸ ਕੇ ਸ਼ਹਾਦਤ ਦਾ ਜਾਮ ਪੀਣਗੇ। ਸੱਚ ਜਾਣਿਓ, ਹੋਇਆ ਵੀ ਇਸੇ ਤਰ੍ਹਾਂ ਹੀ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸਰਹਿੰਦ ਦੀ ਧਰਤੀ 'ਤੇ ਦੀਵਾਰ ਵਿਚ ਜਿਉਂਦੇ ਜੀਅ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮੌਜੂਦਾ ਸਮੇਂ ਅੱਜ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ 'ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ।
ਹਰ ਸਾਲ ਇਸ ਅਸਥਾਨ 'ਤੇ ਸ਼ਹੀਦੀ ਸਭਾ ਲੱਗਦੀ ਹੈ, ਜਿਸ ਦਾ ਇਕੋ ਇਕ ਮੂਲ ਉਦੇਸ਼ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਖ ਅਨੁਯਾਈਆਂ ਦੇ ਮਨ ਵਿਚ ਧਰਮ ਲਈ ਨਿਛਾਵਰ ਹੋਣ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਨੌਜਵਾਨ ਪਨੀਰੀ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਯਾਦ ਕਰਵਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਕਰਨਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
- PTC NEWS