ਏਕਨਾਥ ਸ਼ਿੰਦੇ ਧੜੇ ਨੂੰ ਦਿੱਤੇ ਚੋਣ ਨਿਸ਼ਾਨ 'ਤੇ ਕਿਉਂ ਭੜਕੀ ਸਿੱਖ ਕੌਮ, ਜਾਣੋ ਕੀ ਹੈ ਮਾਮਲਾ
ਮੁੰਬਈ, 17 ਅਕਤੂਬਰ: ਸ਼ਿਵ ਸੈਨਾ ਦੋ ਫੁੱਟ ਹੋਣ ਮਗਰੋਂ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਆਹਮੋ-ਸਾਹਮਣੇ ਹਨ। ਦੋਵੇਂ ਧੜੇ ਦਾਅਵਾ ਕਰ ਰਹੇ ਹਨ ਕਿ ਉਹ ਅਸਲੀ ਸ਼ਿਵ ਸੈਨਾ ਹੈ। ਇਸ ਵਿਵਾਦ ਦਰਮਿਆਨ ਚੋਣ ਕਮਿਸ਼ਨ ਨੇ ਪਾਰਟੀ ਦੇ ਨਵੇਂ ਨਾਂ ਅਤੇ ਚੋਣ ਨਿਸ਼ਾਨ ਨੂੰ ਲੈ ਕੇ ਦੋਵਾਂ ਧੜਿਆਂ ਤੋਂ ਵਿਕਲਪ ਮੰਗੇ ਸਨ। ਦੋਵਾਂ ਪਾਰਟੀਆਂ ਤੋਂ ਵਿਕਲਪ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਚੋਣ ਨਿਸ਼ਾਨ ਅਤੇ ਪਾਰਟੀ ਦੇ ਨਾਂ ਦਿੱਤੇ ਗਏ ਹਨ।
ਭਾਵੇਂ ਇਹ ਸਥਾਈ ਨਹੀਂ ਹੈ ਪਰ ਫਿਲਹਾਲ ਜ਼ਿਮਨੀ ਚੋਣ ਦੇ ਮੱਦੇਨਜ਼ਰ ਦੋਵਾਂ ਧੜਿਆਂ ਨੂੰ ਵੱਖਰੇ-ਵੱਖਰੇ ਨਾਮ ਅਤੇ ਚੋਣ ਨਿਸ਼ਾਨ ਮੁਹੱਈਆ ਕਰਵਾਏ ਗਏ ਹਨ। ਏਕਨਾਥ ਸ਼ਿੰਦੇ ਦੇ ਧੜੇ ਨੂੰ ਤਲਵਾਰ ਅਤੇ ਢਾਲ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਪਰ ਹੁਣ ਸਿੱਖ ਕੌਮ ਨੇ ਇਸ ਚਿੰਨ੍ਹ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਸਿੱਖ ਕੌਮ ਨੇ ਤਲਵਾਰ ਅਤੇ ਢਾਲ ਦੇ ਚਿੰਨ੍ਹ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਖਾਲਸਾ ਪੰਥ ਦਾ ਧਾਰਮਿਕ ਚਿੰਨ੍ਹ ਹੈ। ਇਸ ਤੋਂ ਪਹਿਲਾਂ ਸਮਤਾ ਪਾਰਟੀ ਨੇ ਊਧਵ ਠਾਕਰੇ ਧੜੇ ਨੂੰ ਮਸ਼ਾਲ ਚੋਣ ਨਿਸ਼ਾਨ ਦੇਣ ਦਾ ਵਿਰੋਧ ਕੀਤਾ ਸੀ।
ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਸਾਬਕਾ ਸਕੱਤਰ ਰਣਜੀਤ ਸਿੰਘ ਕਮਾਥਕਰ ਅਤੇ ਸਥਾਨਕ ਕਾਂਗਰਸੀ ਆਗੂਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਤਲਵਾਰ ਅਤੇ ਢਾਲ ਇੱਕ ਧਾਰਮਿਕ ਚਿੰਨ੍ਹ ਹੈ। ਜੇਕਰ ਚੋਣ ਕਮਿਸ਼ਨ ਨੇ ਇਸ ਦਾ ਨੋਟਿਸ ਨਹੀਂ ਲਿਆ ਤਾਂ ਅਸੀਂ ਇਸ ਦੇ ਖਿਲਾਫ ਅਦਾਲਤ ਵਿੱਚ ਜਾਵਾਂਗੇ। ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨੂੰ ਖਾਲਸਾ ਪੰਥ ਦੇ ਧਾਰਮਿਕ ਚਿੰਨ੍ਹ ਵਜੋਂ ਅਪਣਾਇਆ।
ਇਹ ਵੀ ਪੜ੍ਹੋ: ਬਾਜਵਾ ਨੇ ਕੁਲਤਾਰ ਸਿੰਘ ਸੰਧਵਾ 'ਤੇ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੇ ਲਾਏ ਇਲਜ਼ਾਮ
ਰਣਜੀਤ ਸਿੰਘ ਕਮਾਥਕਰ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼ਿੰਦੇ ਨੂੰ ਅਲਾਟ ਕੀਤਾ ਗਿਆ ਚੋਣ ਨਿਸ਼ਾਨ ਵੀ ਧਾਰਮਿਕ ਹੈ। ਮੈਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਇਸ ਦਾ ਨੋਟਿਸ ਲਵੇਗਾ। ਦੱਸ ਦੇਈਏ ਕਿ ਅੰਧੇਰੀ ਪੂਰਬੀ ਵਿਧਾਨ ਸਭਾ ਸੀਟ 'ਤੇ ਉਪ ਚੋਣ ਹੋਣੀ ਹੈ। ਅਜਿਹੇ 'ਚ ਸ਼ਿਵ ਸੈਨਾ ਦੇ ਦੋਵੇਂ ਧੜੇ ਆਹਮੋ-ਸਾਹਮਣੇ ਹਨ। ਇਸ ਸੀਟ 'ਤੇ ਦੋਵੇਂ ਧੜੇ ਆਪਣਾ ਦਾਅਵਾ ਠੋਕ ਰਹੇ ਹਨ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਚੋਣ ਨਿਸ਼ਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਗੰਭੀਰਤਾ ਨਾਲ ਲੈਂਦੀ ਹੈ ਜਾਂ ਨਹੀਂ।
-PTC News