ਸਿੱਧੂ ਮੂਸੇਵਾਲਾ ਕਤਲਕਾਂਡ: 31 ਵਿਅਕਤੀ ਨਾਮਜ਼ਦ, 22 ਗ੍ਰਿਫ਼ਤਾਰੀਆਂ ਅਤੇ 2 ਦਾ ਐਨਕਾਊਂਟਰ - ਸੂਤਰ
ਮਾਨਸਾ, 22 ਅਗਸਤ: ਪੁਲਿਸ ਸੂਤਰਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਕਿ ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਮਾਨਸਾ ਪੁਲਿਸ ਨੇ ਇਸ ਮਾਮਲੇ 'ਚ 31 ਦੇ ਕਰੀਬ ਵਿਅਕਤੀਆਂ ਨੂੰ ਨਾਮਜ਼ਦ ਕਰਕੇ 22 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਵਿਅਕਤੀਆਂ ਦਾ ਐਨਕਾਊਂਟਰ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ 7 ਵਿਅਕਤੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਵਿੱਚੋਂ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਅਤੇ ਲਿਪਨ ਵਿਦੇਸ਼ 'ਚ ਹਨ। ਇਨ੍ਹਾਂ ਚਾਰਾਂ ਨੂੰ ਵਾਪਿਸ ਦੇਸ਼ ਲਿਆਉਣ ਲਈ ਪੁਲਿਸ ਵੱਲੋਂ ਯਤਨ ਕੀਤੇ ਜਾ ਰਹੇ ਹਨ। ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਇਸ ਮਾਮਲੇ ਸਬੰਧੀ ਚਾਰਜਸ਼ੀਟ ਵੀ ਤਿਆਰ ਕਰ ਲਈ ਹੈ ਅਤੇ 30 ਅਗਸਤ ਤੋਂ ਪਹਿਲਾਂ ਮਾਨਸਾ ਪੁਲਿਸ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਉੱਥੇ ਦੂਜੇ ਪਾਸੇ ਬੀਤੇ ਐਤਵਾਰ ਮਾਨਸਾ ਦੇ ਪਿੰਡ ਮੂਸਾ ਵਿਖੇ ਮਰਹੂਮ ਗਾਇਕਾ ਦੇ ਘਰੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗਾਇਕ ਦੀ ਮਾਂ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਦੇ ਚੰਗੇ ਸੁਭਾਅ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦੇ ਕਤਲ ਦੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰਨ 'ਚ ਨਾਕਾਮ ਰਹਿਣ 'ਤੇ ਪੁਲਿਸ 'ਤੇ ਵਰ੍ਹਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਆਪਣੇ ਪੁੱਤਰ ਲਈ ਇਨਸਾਫ਼ ਨੂੰ ਮੁਖ ਰੱਖਦਿਆਂ ਰੋਸ ਮੁਜ਼ਾਹਰਾ ਵਿੱਢਣਗੇ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਅਤੇ ਸਰਕਾਰ ਦਾ ਸਹਿਯੋਗ ਕੀਤਾ ਹੈ ਪਰ ਉਹ ਸਾਨੂੰ ਇਨਸਾਫ਼ ਦਿਵਾਉਣ ਵਿੱਚ ਅਸਫਲ ਰਹੇ ਹਨ। ਮੂਸੇਵਾਲਾ ਦੀ ਇਸ ਸਾਲ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਹਾਵਰਕੇ ਵਿਖੇ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੀ ਗੱਡੀ ਵਿੱਚ ਜਾ ਰਿਹਾ ਸੀ। ਬਾਅਦ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕੈਨੇਡਾ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਬਿਸ਼ਨੋਈ ਹੁਣ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ ਜਦਕਿ ਬਰਾੜ ਅਜੇ ਤੱਕ ਫ਼ਰਾਰ ਹੈ। - ਰਿਪੋਰਟਰ ਰਮਨਦੀਪ ਦੇ ਸਹਿਯੋਗ ਨਾਲ -PTC News