ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੇ ਪੱਤਰਿਆਂ ਦੀ ਸਫ਼ਾਈ ਸ਼ੁਰੂ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸੋਨੇ ਦੇ ਪੱਤਰਿਆਂ ਦੀ ਸਫ਼ਾਈ, ਮੁਰੰਮਤ ਤੇ ਸਲਾਬੇ ਕਾਰਨ ਖ਼ਰਾਬ ਹੋਈ ਨੱਕਾਸ਼ੀ ਦੀ ਮੁਰੰਮਤ ਦੀ ਸੇਵਾ ਆਰੰਭ ਕੀਤੀ ਗਈ। ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਸਫ਼ਾਈ ਤੇ ਹੋਰ ਸੁੰਦਰੀਕਰਨ ਕਰਵਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਯੂ ਕੇ ਨੂੰ ਸੌਂਪੀ ਗਈ ਹੈ। ਅੱਜ ਇਹ ਸੇਵਾ ਅਰਦਾਸ ਉਪਰੰਤ ਸ਼ੁਰੂ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਨਿਸ਼ਕਾਮ ਸੇਵਕ ਜੱਥੇ ਦੇ ਬਾਬਾ ਮਹਿੰਦਰ ਸਿੰਘ , ਬਾਬਾ ਸਤਨਾਮ ਸਿੰਘ ਤੇ ਸੁੱਚਾ ਸਿੰਘ ਸਮੇਤ ਅਨੇਕਾਂ ਪੰਥਕ ਹਸਤੀਆਂ, ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਤੋਂ ਇਲਾਵਾ ਸੇਵਕ ਜੱਥੇ ਦੇ ਮੈਂਬਰ ਤੇ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਸੇਵਾ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪਿਛਲੇ ਅਨੇਕਾਂ ਵਰ੍ਹਿਆਂ ਤੋਂ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਗੇ ਸੋਨੇ ਦੇ ਪੱਤਰਿਆਂ ਦੀ ਸਫ਼ਾਈ ਦੀ ਸੇਵਾ ਕੀਤੀ ਜਾਂਦੀ ਹੈ ਪਰ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸੋਨੇ ਦੇ ਪੱਤਰਿਆਂ ਨੂੰ ਕੱਸਣ ਤੇ ਸਫ਼ਾਈ ਤੋਂ ਇਲਾਵਾ ਨੱਕਾਸ਼ੀ ਮੁੜ ਕਰਨ ਦੀ ਸੇਵਾ ਕੀਤੀ ਜਾਵੇਗੀ। ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਗੁਬੰਦਾਂ ਸਮੇਤ ਬਾਹਰਵਾਰ ਲੱਗੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸੇਵਕ ਜੱਥੇ ਵੱਲੋਂ ਹੀ 17 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਸੋਨੇ ਸਮੇਤ ਹੋਰ ਸੁੰਦਰੀਕਰਨ ਦੀ ਸੇਵਾ ਵੀ ਆਰੰਭ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਆਮ ਆਦਮੀ ਕਰ ਰਿਹਾ ਹੈ 'ਖ਼ਾਸ' ਪ੍ਰੋਗਰਾਮ : ਅਸ਼ਵਨੀ ਸ਼ਰਮਾ