ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਕੱਢਿਆ ਜਾਵੇਗਾ ਰੋਸ ਮਾਰਚ - ਬਿਕਰਮ ਸਿੰਘ ਮਜੀਠੀਆ
ਮੁਹਾਲੀ, 9 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਭੈਣ ਸਿੱਪੀ ਸ਼ਰਮਾ ਨਾਲ ਇਕ ਸਾਲ ਪਹਿਲਾਂ ਕੀਤਾ ਵਾਅਦਾ ਕਿ ਸੱਤਾ ਵਿਚ ਆਉਣ ’ਤੇ ਆਪ ਸਰਕਾਰ 646 ਪੀਟੀਆਈ ਅਧਿਆਪਕਾਂ ਨੂੰ ਰੈਗੂਲਰ ਕਰੇਗੀ, ਆਪ ਸਰਕਾਰ ਨੂੰ ਚੇਤੇ ਕਰਵਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ। ਮਜੀਠੀਆ ਨੇ ਭੈਣ ਅਤੇ ਭਰਾ ਦਰਮਿਆਨ ਪਵਿੱਤਰ ਰਿਸ਼ਤੇ ਦਾ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਮਖੌਲ ਉਡਾਉਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਕੇਜਰੀਵਾਲ 23 ਅਕਤੂਬਰ ਨੂੰ ਇਸ ਥਾਂ ’ਤੇ ਆਏ ਸਨ ਤੇ ਸਿੱਪੀ ਸ਼ਰਮਾ ਨੂੰ ਇਕ ਭਰਾ ਵਜੋਂ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਆਪ ਸਰਕਾਰ ਬਣਨ ’ਤੇ ਪੀਟੀਆਈ ਅਧਿਆਪਕ ਰੈਗੂਲਰ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹ ਬਹੁਤ ਤ੍ਰਾਸਦੀ ਵਾਲੀ ਗੱਲ ਹੈ ਕਿ ਸਿੱਪੀ ਸ਼ਰਮਾ ਨੂੰ ਇਕ ਵਾਰ ਫਿਰ ਤੋਂ ਪਾਣੀ ਦੀ ਟੈਂਕੀ ’ਤੇ ਚੜ੍ਹਨਾ ਪਿਆ ਹੈ ਜਿਥੇ ਉਹਨਾਂ ਦੇ ਭਰਾ ਨੇ 27 ਨਵੰਬਰ 2021 ਨੂੰ ਉਹਨਾਂ ਨੂੰ ਵਾਅਦਾ ਕੀਤਾ ਸੀ। ਬਿਕਰਮ ਸਿੰਘ ਮਜੀਠੀਆ ਜਿਹਨਾਂ ਨੇ ਸਿੱਪੀ ਸ਼ਰਮਾ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ ਤੇ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਟੈਂਕੀ ਦੇ ਉਪਰ ਮਾੜੇ ਹਾਲਾਤਾਂ ਨੂੰ ਵੇਖਦਿਆਂ ਉਹ ਹੇਠਾਂ ਉਤਰ ਆਉਣ, ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਉਸਨੂੰ 646 ਪੀਟੀਆਈ ਇੰਸਟ੍ਰਕਟਰਾਂ ਦੀ ਲੋੜ ਨਹੀਂ ਹੈ। ਉਹਨਾਂ ਨੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਕੇਜਰੀਵਾਲ ਨੂੰ ਭੱਜਣ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਕੀਤੇ ਪਵਿੱਤਰ ਵਾਅਦੇ ਦੇ ਮੁੱਦੇ ਕਾਰਨ ਇਹ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪ ਦੇ ਕਨਵੀਨਰ ਵੱਲੋਂ ਕੀਤਾ ਵਾਅਦਾ ਪੂਰਾ ਕਰਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਨ ਵਾਸਤੇ ਮਜਬੂਰ ਕਰਦੀ ਹੈ ਜਦੋਂ ਕਿ ਦਿੱਲੀ ਸਰਕਾਰ ਉਹਨਾਂ ਨੂੰ ਸਵੀਡਨ, ਇੰਗਲੈਂਡ ਤੇ ਨਿਊਜ਼ੀਲੈਂਡ ਭੇਜਦੀ ਹੈ। ਉਹਨਾਂ ਕਿਹਾ ਕਿ ਅਸੀਂ ਕੇਜਰੀਵਾਲ ਨੂੰ ਆਪਣੇ ਭੈਣ ਨਾਲ ਕੀਤਾ ਵਾਅਦਾ ਪੂਰਾ ਕਰਨ ਅਤੇ ਪੀਟੀਆਈ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਮਜਬੂਰ ਕਰਾਂਗੇ। ਇਸ ਦੌਰਾਨ ਸਿੱਪੀ ਸ਼ਰਮਾ ਨੇ ਮਜੀਠੀਆ ਨੂੰ ਦੱਸਿਆ ਕਿ ਕੁਝ ਪੀਟੀਆਈ ਅਧਿਆਪਕ ਤਾਂ ਮੁੱਖ ਮੰਤਰੀਦੇ ਪਿੰਡ ਸਤੋਜ ਤੋਂ ਹਨ ਜੋ ਨਿਆਂ ਵਾਸਤੇ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਉਹਨਾਂ ਨੂੰ ਭਰੋਸਾ ਦੁਆਇਆ ਸੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ ਪਰ ਉਸਦਾ ਵੀ ਕੁਝ ਨਹੀਂ ਬਣਿਆ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਡਾ. ਗੁਰਪ੍ਰੀਤ ਕੌਰ ਸੱਚਮੁੱਚ ਪੀਟੀਆਈ ਮੁਲਾਜ਼ਮਾਂ ਲਈ ਨਿਆਂ ਚਾਹੁੰਦੇ ਹਨਤਾਂ ਫਿਰ ਉਹਨਾਂ ਨੁੰ ਪੀਟੀਆਈ ਮੁਲਾਜ਼ਮਾਂ ਦੇ ਸੰਘਰਸ਼ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਆਉਂਦੇ ਕਰਵਾ ਚੌਥ ਤੋਂ ਪਹਿਲਾਂ ਇਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਦਿੱਤੀਆਂ ਜਾਣਗੀਆਂ। ਡਾ. ਗੁਰਪ੍ਰੀਤ ਕੌਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਹੋਵੇ ਨਹੀਂ ਤਾਂ ਫਿਰ ਉਹਨਾਂ ਨੂੰ ਅਧਿਆਪਕਾਂ ਨਾਲ ਇਕਜੁੱਟਤਾ ਵਿਖਾਉਂਦਿਆਂ ਇਹਨਾਂ ਨਾਲ ਬੈਠਣਾ ਚਾਹੀਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਆਪ ਨੇ ਪਹਿਲਾਂ ਪੰਜਾਬੀਆਂ ਨੁੰ ਮੂਰਖ ਬਣਾਇਆ ਤੇ ਹੁਣ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਲੋਕਾਂ ਨੂੰ ਮੂਰਖ ਬਣਾਉਣ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੂੰ ਆਖਿਆ ਜਾ ਰਿਹਾ ਹੈ ਕਿ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਜਦੋਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹੈ ਕਿ ਜੋ ਕੋਈ ਮੁੱਖ ਮੰਤਰੀ ਕੋਲ ਨਿਆਂ ਲਈ ਪਹੁੰਚ ਕਰਦਾ ਹੈ, ਉਸਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਜਾਂਦਾ ਹੈ। -PTC News