ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਝੜਪਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ
ਚੰਡੀਗੜ੍ਹ, 29 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਟਿਆਲਾ ਵਿਚ ਵਾਪਰੀਆਂ ਹਿੰਸਕ ਝੜਪਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪੰਜਾਬੀਆਂ ਨੂੰ ਹਰ ਕੀਮਤ ’ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਸੂਬੇ ਵਿਚ ਵਿਗੜੀ ਅਮਨ ਕਾਨੂੰਨ ਦੀ ਵਿਵਸਥਾ ਬਹਾਲ ਕਰਨ ਲਈ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣ। ਇਹ ਵੀ ਪੜ੍ਹੋ: ਪਟਿਆਲਾ ਟਕਰਾਅ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਨਾਈਟ ਕਰਫਿਊ ਲਾਗੂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਟਿਆਲਾ ਵਿਚ ਹਿੰਸਕ ਝੜਪਾਂ ਰੋਕਣ ਲਈ ਸਮੇਂ ਸਿਰ ਕਦਮ ਚੁੱਕਣ ਵਿਚ ਅਸਫਲ ਰਹਿਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪ੍ਰਤੱਖ ਉਦਾਹਰਣ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਚੇਤਾਵਨੀਆਂ ਦੇ ਬਾਵਜੂਦ ਵੀ ਸਮੇਂ ਸਿਰ ਕਦਮ ਨਹੀਂ ਚੁੱਕੇ। ਉਹਨਾਂ ਕਿਹਾ ਕਿ ਬਜਾਏ ਆਪਣਾ ਘਰ ਦਰੁੱਸਤ ਕਰਨ ਤੇ ਹੁਣ ਇਸਦੇ ਬੁਲਾਰੇ ਵਿਰੋਧੀ ਧਿਰ ਸਿਰ ਦੋਸ਼ ਮੜ੍ਹ ਰਹੇ ਹਨ। ਇਸਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੇਸ਼ਰਮੀ ਨਾਲ ਇਹ ਆਖ ਦਿੱਤਾ ਹੈ ਕਿ ਇਹ ਅਕਾਲੀ ਦਲ ਤੇ ਸ਼ਿਵ ਸੈਨਾ ਦਰਮਿਆਨ ਝੜਪ ਸੀ। ਉਹਨਾਂ ਕਿਹਾ ਕਿ ਅਜਿਹੇ ਘਟੀਆ ਦੋਸ਼ ਲਾਉਣੇ ਬਹੁਤ ਮੰਦਭਾਗੇ ਹਨ ਤੇ ਇਸ ਤੋਂ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਨੇ ਬੀਤੇ ਸਮੇਂ ਤੋਂ ਸਬਤ ਨਹੀਂ ਰੱਖਿਆ ਤੇ ਇਹ ਫਿਰ ਮੰਦਭਾਗੀਆਂ ਝੜਪਾਂ ਦਾ ਸਿਆਸੀਕਰਨ ਕਰਨ ’ਤੇ ਤੁਲੀ ਹੈ ਜਿਸ ਨਾਲ ਸੂਬੇ ਦਾ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਹੋ ਸਕਦਾ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਵਿਚ ਇਸ ਤਰੀਕੇ ਦਾ ਫਿਰਕੂ ਟਕਰਾਅ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਔਖੇ ਤੋਂ ਔਖੇ ਵੇਲੇ ਵੀ ਫਿਰਕੂ ਸਦਭਾਵਨਾ ਕਾਇਮ ਰੱਖੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਕੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋਣ ਕਾਰਨ ਹਾਲਾਤ ਹੋਰ ਵਿਗੜ ਸਕਦੇ ਸਨ। ਉਹਨਾਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਅਮਨ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਪਰ ਇਸਨੂੰ ਦਰੁੱਸਤ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਇਹ ਢੁਕਵਾਂ ਹੈ ਜਦੋਂ ਮੁੱਖ ਮੰਤਰੀ ਆਪਣੀ ਗੂੜੀ ਨੀਂਦ ਵਿਚੋਂ ਜਾਗਣ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰਾਂ ਸਿਰਫ ਪ੍ਰਾਪੇਗੰਡੇ ਤੇ ਵਿਰੋਧੀਆਂ ਖਿਲਾਫ ਘਟੀਆ ਮੁਹਿੰਮਾਂ ਨਾਲ ਨਹੀਂ ਚੱਲਦੀਆਂ। ਮੁੱਖ ਮੰਤਰੀ ਨੂੰ ਇਸ ਘਟਨਾ ਪਿੱਛੇ ਖੁਫੀਆ ਤੰਤਰ ਦੀ ਅਸਫਲਤਾ ਸਮੇਤ ਕਾਰਨਾਂ ਦਾ ਪਤਾ ਲਾਉਣਾ ਚਾਹੀਦਾ ਹੈ ਤੇ ਤੁਰੰਤ ਦਰੁੱਸਤੀ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਕਤਲਾਂ, ਮਿੱਥ ਕੇ ਕੀਤੀਆਂ ਹੱਤਿਆਵਾਂ ਤੇ ਡਕੈਤੀਆਂ ਸਮੇਤ ਹਿੰਸਾ ਦੀਆਂ ਵਾਰਦਾਤਾਂ ਨਾਲ ਜੋ ਲੋਕਾਂ ਦਾ ਵਿਸ਼ਵਾਸ ਹਿੱਲਿਆਹੈ, ਉਹ ਬਹਾਲ ਕੀਤਾ ਜਾ ਸਕੇ। ਇਹ ਵੀ ਪੜ੍ਹੋ: ਐਡਵੋਕੇਟ ਧਾਮੀ ਨੇ ਪਟਿਆਲਾ ਵਿਖੇ ਵਾਪਰੀ ਘਟਨਾ ਦੀ ਕੀਤੀ ਸਖ਼ਤ ਨਿੰਦਾ ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪਟਿਆਲਾ ਵਿਚ ਸ਼ਾਂਤੀ ਕਮੇਟੀ ਦੀ ਤੁਰੰਤ ਮੀਟਿੰਗ ਸੱਦੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰ ਸਕਣ। ਉਹਨਾਂ ਕਿਹਾ ਕਿ ਅੱਜ ਦੀਆਂ ਘਟਨਾਵਾਂ ਵਿਚ ਸ਼ਾਮਲ ਲੋਕਾਂ ਵਿਚਾਲੇ ਗਲਤਫਹਿਮੀ ਦੂਰ ਕਰਵਾ ਕੇ ਸਮਝੌਤਾ ਕਰਵਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੇ ਪ੍ਰੋਟੋਕੋਲ ਦੀ ਪਾਲਣਾ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਾਲਾਤ ਨਾ ਬਣ ਸਕਣ। -PTC News