ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ: ਜੀਵਨ ਤੇ ਵਿਅਕਤਿੱਤਵ
ਮਹਾਰਾਜਾ ਰਣਜੀਤ ਸਿੰਘ (ਜੀਵਨ ਤੇ ਵਿਅਕਤਿੱਤਵ): ਅਠਾਰ੍ਹਵੀਂ ਸਦੀ ਦਾ ਦੌਰ ਜਿੱਥੇ ਸੰਘਰਸ਼, ਸ਼ਹਾਦਤਾਂ ਅਤੇ ਸਿੱਖ ਕੌਮ ਦੇ ਸਬਰ - ਸਿਦਕ ਦੀ ਦਾਸਤਾਨ ਨੂੰ ਸਿੱਖ ਇਤਿਹਾਸ ਦੇ ਪੱਤਰਿਆਂ ਪੁਰ ਉਕੇਰਦਾ ਹੈ ਉੱਥੇ ਇਸ ਸਦੀ ਦੇ ਅੰਤ ਤੱਕ ਸਿੱਖ ਮਿਸਲਾਂ ਦੇ ਮਿਲਾਨ ਨਾਲ ਸਿੱਖ ਰਾਜ ਪ੍ਰਬੰਧ ਦੇ ਉਦਭਵ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਸ਼ਾਸ਼ਨ ਕਾਲ ਦੀ ਭੂਮਿਕਾ ਵੀ ਪ੍ਰਤੱਖ ਹੁੰਦੀ ਹੈ । ਨਵੰਬਰ 1780 ਈ., ਗੁਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਘਰ ਜਨਮੇ, ਪੰਜਾਬ ਦੇ ਇਸ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰਬਾਜ਼ੀ, ਘੋੜਸਵਾਰੀ ਅਤੇ ਯੁੱਧ ਕਲਾ ਦੀ ਪ੍ਰਬੀਨਤਾ ਹਾਸਲ ਕਰਦਿਆਂ ਜਦੋਂ ਬਾਦਸ਼ਾਹ ਜਮਾਨ ਸ਼ਾਹ ਦੀਆਂ ਕਾਬਲੀ ਫ਼ੌਜਾਂ ਨੂੰ ਵੰਗਾਰਦਿਆਂ ਆਪਣੀ ਬਹਾਦਰੀ ਨਾਲ ਦੁਸ਼ਮਣ ਦਲਾਂ ਨੂੰ ਭਾਂਝ ਪਾਈ ਤਾਂ ਸ਼ਾਇਦ ਕਿਸੇ ਦੇ ਇਲਮ ਵਿੱਚ ਵੀ ਇਹ ਨਹੀਂ ਸੀ ਕਿ ਇਕ ਦਿਨ ਇਹ ਗੱਭਰੂ 'ਸ਼ੇਰੇ ਪੰਜਾਬ' ਦੇ ਲਕਬ ਨਾਲ ਨਿਵਾਜਿਆ ਜਾਵੇਗਾ । ਇਹ ਵੀ ਪੜ੍ਹੋ: ਗੁ. ਸ੍ਰੀ ਪੰਜੋਖਰਾ ਸਾਹਿਬ ਅੰਬਾਲਾ ਵਿਖੇ ਲਗਾਏ ਗਏ ਗੁਰਮਤਿ ਸਿਖਲਾਈ ਕੈਂਪ, ਸੰਗਤਾਂ ਨੇ ਖੱਟਿਆ ਲਾਹਾ ਪਿਤਾ ਦੇ ਅਕਾਲ ਚਲਾਣੇ ਅਤੇ ਰਾਣੀ ਸਦਾ ਕੌਰ ਦੀ ਧੀ ਨਾਲ ਵਿਆਹ ਤੋਂ ਬਾਅਦ ਜਦੋਂ ਸ਼ੁਕਰਚੱਕੀਆ ਮਿਸਲ ਅਤੇ ਘਨੱਈਆ ਮਿਸਲ ਦਾ ਰਲੇਵਾਂ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਚੜ੍ਹਦੀ ਉਮਰ ਤੱਕ ਸ਼ਾਸ਼ਨ ਚਲਾਉਣ ਦੇ ਕਈ ਗੁਰ ਪ੍ਰਾਪਤ ਕਰ ਲਏ । ਇਸੇ ਦਰਮਿਆਨ ਜਦੋਂ ਕਾਬਲ ਦੇ ਬਾਦਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਨੂੰ ਹਰਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸੇ ਦੀ ਮਦਦ ਨਾਲ ਸ਼ੁਕਰਚੱਕੀਆ, ਭੰਗੀ, ਨੱਕਈ, ਆਹਲੂਵਾਲੀਆ ਅਤੇ ਘਨੱਈਆ ਮਿਸਲ ਦੀ ਸਾਂਝੀ ਕਮਾਨ ਹੇਠ 27 ਜੁਲਾਈ 1799 ਨੂੰ ਲਾਹੌਰ ਉੱਤੇ ਤਕੜਾ ਹਮਲਾ ਕਰਦਿਆਂ ਅਫ਼ਗ਼ਾਨ ਫ਼ੌਜਾਂ ਨੂੰ ਭਾਂਝ ਪਾਈ ਤਦ ਪਹਿਲੀ ਵਾਰ ਲਾਹੌਰ ਸਿੱਖ ਰਾਜ ਦਾ ਅਧਿਕਾਰਿਤ ਖੇਤਰ ਬਣਿਆ । ਇਸ ਤੋਂ ਬਾਅਦ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਅਤੇ ਹੋਰ ਨਿੱਕੇ-ਵੱਡੇ ਇਲਾਕਿਆਂ ਪੁਰ ਜਿੱਤ ਪ੍ਰਾਪਤ ਕਰ ਸਿੱਖ ਰਾਜ ਦਾ ਘੇਰਾ ਵਿਸ਼ਾਲ ਕੀਤਾ । ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸੂਝ ਅਤੇ ਜਥੇਬੰਦਕ ਸੋਚ ਨੇ ਅਜਿਹੇ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ਜਿਸ ਨਾਲ ਉਨ੍ਹਾਂ ਦੀ ਵੱਧ ਰਹੀ ਹਰਮਨਪਿਆਰਤਾ ਨੇ ਯੂਰਪੀਅਨ ਯੂਨੀਅਨ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ । ਸਿੱਖ ਰਾਜ ਦੇ ਵਡੇਰੇ ਫੈਲਾਓ ਨਾਲ 'ਨਾਨਕਸ਼ਾਹੀ' ਰੁਪਈਆ ਜਾਰੀ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹੋਰ ਮਿਸਲਾਂ ਦਾ ਸਾਥ ਵੀ ਪ੍ਰਾਪਤ ਹੋਣ ਲੱਗਾ । ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਤੋਂ ਬਾਅਦ 1802 ਈ. ਫਗਵਾੜੇ ਦੇ ਇਲਾਕੇ ਦੀ ਜਿੱਤ ਨੇ ਸਿੱਖ ਰਾਜ ਨੂੰ ਚੋਖਾ ਵਿਸਥਾਰ ਦਿੱਤਾ । ਇਸ ਦੌਰਾਨ ਸ਼ੇਰੇ ਪੰਜਾਬ ਨੇ ਸਿੱਖ ਗੁਰੂਧਾਮਾਂ ਦੇ ਪ੍ਰਬੰਧ ਨੂੰ ਸਹੀ ਕਰਨ ਹਿਤ ਆਰਥਿਕ ਸਾਧਨਾਂ ਦੀ ਬਹਾਲੀ ਲਈ ਜਗੀਰਾਂ ਭੇਟ ਕਰਦਿਆਂ ਪ੍ਰਬੰਧਕੀ ਪੱਧਰ ਨੂੰ ਵੀ ਦਰੁਸਤ ਕੀਤਾ । ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਠੀਕ ਕਰਨ ਹਿੱਤ ਵਿਸ਼ੇਸ਼ ਕਮੇਟੀ ਬਣਾਈ ਜਿਸ ਦੀ ਦੇਖ-ਰੇਖ ਸ੍ਰ ਲਹਿਣਾ ਸਿੰਘ ਮਜੀਠੀਆ ਨੂੰ ਸੌਪੀ ਗਈ । ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਧਰਮ ਲਈ ਪ੍ਰਤੀਬੱਧਤਾ ਅਤੇ ਸਿੱਖ ਸਭਿਆਚਾਰ ਪ੍ਰਤੀ ਵਚਨਬੱਧਤਾ ਉਨ੍ਹਾਂ ਦੀ ਧਾਰਮਿਕ ਰੁਚੀ ਦਾ ਪ੍ਰਗਟਾਵਾ ਕਰਦੀ ਹੈ । ਮਹਾਰਾਜਾ ਰਣਜੀਤ ਸਿਂਘ ਨੇ ਆਪਣੇ ਰਾਜ ਪ੍ਰਬੰਧ ਨੂੰ ਮਜ਼੍ਹਬੀ ਵਿਤਕਰੇ ਤੋਂ ਉੱਪਰ ਉਠਾਉਂਦਿਆਂ ਸਰਬ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੀ ਕਾਇਮੀ ਕੀਤੀ । ਜਿਸ ਸਦਕਾ ਆਮ ਲੋਕਾਈ ਨੇ ਲੋਕ ਰਾਜ ਦਾ ਅਨੁਭਵ ਪ੍ਰਾਪਤ ਕਰਦਿਆਂ ਮਹਾਰਾਜੇ ਨੂੰ 'ਸ਼ੇਰੇ ਪੰਜਾਬ 'ਦੇ ਰੂਪ ਵਿੱਚ ਕਬੂਲਿਆ । ਸ਼ੇਰੇ ਪੰਜਾਬ ਦੀ ਰਾਜ ਪ੍ਰਤੀ ਵਫ਼ਾਦਾਰੀ ਅਤੇ ਸ਼ਾਸਨ ਦੀ ਚੋਖੀ ਸੂਝ ਨੇ 1801 ਤੋਂ 1803 ਤੱਕ ਕਸੂਰ, ਮੁਲਤਾਨ ਅਤੇ ਫਿਰ 1818 ਵਿੱਚ ਸਿਆਲਕੋਟ ਦੀ ਜਿੱਤ ਪ੍ਰਾਪਤੀ ਨੇ ਪੰਜਾਬ ਦੇਸ ਨੂੰ ਹਰ ਪੱਖੋਂ ਖੁਸ਼ਹਾਲ ਸੂਬੇ ਦੇ ਰੂਪ ਵਿੱਚ 'ਮਹਾਂ ਪੰਜਾਬ' ਦੀ ਪਹਿਚਾਣ ਦਿੱਤੀ । ਜਦੋਂ ਅੰਗਰੇਜ਼ੀ ਸਾਮਰਾਜ ਨੇ ਆਪਣੇ ਵਿਸਥਾਰ ਹਿੱਤ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਵੱਡੀ ਰੁਕਾਵਟ ਦੇ ਰੂਪ ਵਿੱਚ ਵੇਖਿਆ ਤਦ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੀ ਸੰਧੀ ਕਰਦਿਆਂ ਇਕ ਇਕਰਾਰਨਾਮੇ ਰਾਹੀਂ ਸਿੱਖ ਰਾਜ ਨੂੰ ਸਤਲੁਜ ਦੀ ਹੱਦ ਤੱਕ ਮਹਿਦੂਦ ਕਰ ਦਿੱਤਾ । ਇਹ ਵੀ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਲੈ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਰਵਾਇਆ ਸਮਾਗਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਜਰਨੈਲਾਂ ਨੂੰ ਜਥੇਬੰਦ ਕਰਦਿਆਂ, ਸਿੱਖ ਮਿਸਲਾਂ ਦੇ ਮਿਲਾਨ ਨਾਲ ਜਿਸ ਰਾਜ ਪ੍ਰਬੰਧ ਦਾ ਵਿਕਾਸ ਕੀਤਾ ਉਸ ਦੀ ਤਾਰੀਫ਼ ਵਿੱਚ 'ਦੀ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ' ਦਾ ਲੇਖਕ ਔਜਬੋਰਨ ਇੱਥੋਂ ਤੱਕ ਕਹਿੰਦਾ ਹੈ ਕਿ ਉਸਨੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਮੁਕਾਬਲੇ ਵਿੱਚ ਯੂਰਪ ਜਾਂ ਪੂਰਬੀ ਦੇਸਾਂ ਵਿੱਚ ਕਿਧਰੇ ਵੀ ਅਜਿਹੇ ਦਰਬਾਰ ਨਹੀਂ ਦੇਖੇ, ਜਿਥੋਂ ਦੇ ਰਾਜੇ ਇਤਨੇ ਸੋਹਣੇ ਤੇ ਸਰਦਾਰ ਦਿੱਖ ਵਾਲੇ ਹੋਣ । ਇਹ ਸੱਚ ਹੈ ਕਿ ਅਟਕਲਾਂ, ਅੜਚਨਾਂ, ਜਿੱਤਾਂ, ਹਾਰਾਂ, ਨਫਰਤਾਂ ਅਤੇ ਸਾਜਿਸ਼ਾਂ ਦੀਆਂ ਅਨੇਕਾਂ ਕਥਾ-ਕਹਾਣੀਆਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਗਾਥਾ ਇਕ ਅਜਿਹੇ ਸੁਨੱਖੇ ਵਿਅਕਤਿਤਵ ਦਾ ਵਟਾਂਦਰਾ ਕਰਦੀ ਹੈ ਜੋ ਆਪਣੇ ਰਾਜ ਪ੍ਰਬੰਧ ਨੂੰ ਕੇਵਲ ਗੁਰੂ ਆਸ਼ੇ ਮੁਤਾਬਿਕ ਚਲਾਉਣ ਦੀ ਵਚਨਬੱਧਤਾ ਹੀ ਨਹੀਂ ਪਾਲਦਾ ਬਲਕਿ ਸਰਬ ਸਾਂਝੀਵਾਲਤਾ ਦੇ ਕਲਿਆਣਕਾਰੀ ਸੰਦੇਸ਼ ਦਾ ਵੀ ਵਾਹਕ ਬਣਦਾ ਹੈ । -PTC News