ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਲੁਧਿਆਣਾ ਸਥਿਤ ਡੀਐਮਸੀ ਹਸਪਤਾਲ ਵਿਚ ਦਾਖ਼ਲ ਬਾਪੂ ਸੂਰਤ ਸਿੰਘ ਨੂੰ ਮਿਲਣ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਨਾਲ ਨਿਆਂ ਨਹੀਂ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਬਾਪੂ ਸੂਰਤ ਸਿੰਘ ਬਜ਼ੁਰਗ ਅਵਸਥਾ ਵਿਚ ਹੁੰਦਿਆਂ ਵੀ ਨਿਆਂ ਲਈ ਜੰਗ ਲੜ ਰਹੇ ਹਨ।
ਉਨ੍ਹਾਂ ਬਾਪੂ ਸੂਰਤ ਸਿੰਘ ਦੀ ਦ੍ਰਿੜ੍ਹਤਾ, ਸਿਦਕ ਅਤੇ ਹਿੰਮਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਸੰਘਰਸ਼ ਦੀ ਪ੍ਰੋੜਤਾ ਕਰਦੀ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਯਤਨਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਵੀ ਪ੍ਰਗਟਾਉਂਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਬਾਪੂ ਸੂਰਤ ਸਿੰਘ ਦੀ ਮਨਸ਼ਾ ਇੱਕੋ ਜਿਹੀ ਹੈ ਅਤੇ ਇਸ ਪੰਥਕ ਕਾਰਜ ਲਈ ਜਿਹੜੀਆਂ ਵੀ ਧਿਰਾਂ ਸਰਗਰਮ ਹਨ ਸਭ ਦਾ ਸਤਿਕਾਰ ਹੈ।
ਇਹ ਵੀ ਪੜ੍ਹੋ:ਜੰਮੂ-ਕਸ਼ਮੀਰ 'ਚ 1 ਘੰਟੇ 'ਚ 2 ਵਾਰ ਲੱਗੇ ਭੂਚਾਲ ਦੇ ਝਟਕੇਉਨ੍ਹਾਂ ਆਖਿਆ ਕਿ ਇਸ ਮਾਮਲੇ ’ਤੇ ਸਰਕਾਰਾਂ ਨੇ ਜਾਣਬੁਝ ਕੇ ਘੇਸਲ ਵੱਟੀ ਹੋਈ ਹੈ, ਪਰ ਸਿੱਖ ਪੰਥ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖੇਗਾ। ਇਸ ਮੌਕੇ ਬਾਪੂ ਸੂਰਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਥਕ ਸੇਵਾਵਾਂ ਲਈ ਸਨਮਾਨ ਦਿੱਤਾ।