ਪੁਸਤਕ ’ਚ ਸੰਤ ਭਿੰਡਰਾਂਵਾਲਿਆਂ ਬਾਰੇ ਅਪਮਾਨਜਨਕ ਸ਼ਬਦਾਵਲੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ
ਅੰਮ੍ਰਿਤਸਰ, 13 ਜੁਲਾਈ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਰਾਜਨੀਤੀ ਵਿਗਿਆਨ ਦੇ ਸਿਲੇਬਸ ਵਿਚ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੱਤਵਾਦੀ ਲਿਖਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ ਵਿਚ ਕਰੜੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ : ਸਿਰਜਣਾ ਤੇ ਸਿਧਾਂਤ ਇਹ ਵਿਵਾਦਤ ਸ਼ਬਦਾਵਲੀ ਪੰਜਾਬੀ ਯੂਨੀਵਰਸਿਟੀ ਵੱਲੋਂ ਰਾਜਨੀਤੀ ਸ਼ਾਸਤਰ ਦੇ ਚੌਥੇ ਸਮੈਸਟਰ ਵਿਚ ਵਰਤੀ ਗਈ ਹੈ। ਸਬੰਧਤ ਪੁਸਤਕ ਦੇ ਪੰਨਾ ਨੰਬਰ 26 ਅਤੇ 27 ’ਤੇ ਪੰਜਾਬ ਦੇ ਸਿੱਖ ਜੰਗਜੂ ਅੰਦੋਲਨ ਦਾ ਵਿਸ਼ਲੇਸ਼ਣ ਕਰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ ਅਤੇ ਪਾਠਕ੍ਰਮ ਵਿਚ ਸਿੱਖ ਸੰਘਰਸ਼ ਬਾਰੇ ਹੋਰ ਕਈ ਤਰ੍ਹਾਂ ਦੀ ਵਿਵਾਦਤ ਜਾਣਕਾਰੀ ਵੀ ਦਰਜ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਅਤੇ ਵਿਭਾਗ ਦੇ ਮੁਖੀ ਨੂੰ ਪੱਤਰ ਲਿਖ ਕੇ ਸਪੱਸ਼ਟ ਕਰਨ ਲਈ ਕਿਹਾ ਹੈ। ਇਸ ਸਬੰਧੀ ਐਡਵੋਕੇਟ ਧਾਮੀ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਅਜਿਹੀ ਘਿਨੌਣੀ ਹਰਕਤ ਕੀਤੀ ਜਾਣੀ ਉਸ ਦੀ ਪੰਜਾਬ ਅਤੇ ਸਿੱਖ ਵਿਰੋਧੀ ਮਨਸ਼ਾ ਦਾ ਪ੍ਰਗਟਾਵਾ ਮਹਿਸੂਸ ਹੁੰਦੀ ਹੈ, ਜਿਸ ਨਾਲ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਬੇਹੱਦ ਸੰਗੀਨ ਮਸਲਾ ਹੈ, ਜਿਸ ਜਰੀਏ ਨੌਜੁਆਨੀ ਨੂੰ ਸਿਲੇਬਸ ਦੇ ਬਹਾਨੇ ਸਿੱਖ ਵਿਰੋਧੀ ਵਿਚਾਰ ਨਾਲ ਜੋੜਨ ਦੀ ਗੈਰ-ਜ਼ੁੰਮੇਵਾਰਾਨਾ ਹਰਕਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਲੜਿਆ ਅਤੇ ਗੁਰਧਾਮਾਂ ਦੀ ਬੇਅਦਬੀ ਲਈ ਚੜ੍ਹ ਕੇ ਆਈ ਫ਼ੌਜ ਨਾਲ ਟੱਕਰ ਲੈਂਦਿਆਂ ਸ਼ਹਾਦਤ ਪ੍ਰਾਪਤ ਕੀਤੀ। ਇਹ ਵੀ ਪੜ੍ਹੋ: ਲਾਸਾਨੀ ਸ਼ਹੀਦ : ਭਾਈ ਮਨੀ ਸਿੰਘ ਜੀ (ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼) ਯੂਨੀਵਰਸਿਟੀ ਵੱਲੋਂ ਕੌਮ ਦੇ ਸ਼ਹੀਦ ਨੂੰ ਅਪਮਾਨਤ ਸ਼ਬਦਾਂ ਨਾਲ ਪ੍ਰਭਾਸ਼ਤ ਕਰਨਾ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਜੇਕਰ ਇਸ ਵਿਚ ਸੋਧ ਕਰਕੇ ਮੁਆਫੀ ਨਾ ਮੰਗੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ-PTC News