Wed, Nov 13, 2024
Whatsapp

ਅਖੌਤੀ ਸਿੱਖ ਜਥੇਬੰਦੀਆਂ 'ਤੇ ਲੰਗਰ 'ਚ ਜਾਤ-ਪਾਤ ਤੇ ਭੇਦਭਾਵ ਦੇ ਗੰਭੀਰ ਇਲਜ਼ਾਮ

Reported by:  PTC News Desk  Edited by:  Jasmeet Singh -- September 23rd 2022 08:10 AM
ਅਖੌਤੀ ਸਿੱਖ ਜਥੇਬੰਦੀਆਂ 'ਤੇ ਲੰਗਰ 'ਚ ਜਾਤ-ਪਾਤ ਤੇ ਭੇਦਭਾਵ ਦੇ ਗੰਭੀਰ ਇਲਜ਼ਾਮ

ਅਖੌਤੀ ਸਿੱਖ ਜਥੇਬੰਦੀਆਂ 'ਤੇ ਲੰਗਰ 'ਚ ਜਾਤ-ਪਾਤ ਤੇ ਭੇਦਭਾਵ ਦੇ ਗੰਭੀਰ ਇਲਜ਼ਾਮ

ਨਵੀਂ ਦਿੱਲੀ, 23 ਸਤੰਬਰ: ਬੀਤੇ ਦਿਨੀਂ ਨਿਹੰਗ ਸਿੰਘ ਖਾਲਸਾ ਦਲ (ਸ਼੍ਰੋਮਣੀ ਜਰਨੈਲ ਸਾਹਿਬਜਾਦਾ ਬਾਬਾ ਜੁਝਾਰ ਸਿੰਘ) ਦੇ ਜੱਥੇ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਨਿਹੰਗ ਸਿੰਘਾਂ ਨੇ ਲਾਲਪੁਰਾ ਨੂੰ ਜਾਤ-ਪਾਤ 'ਤੇ ਅਧਾਰਿਤ ਲੰਗਰਾਂ ਵਿੱਚ ਲੱਗਦੀਆਂ ਵੱਖਰੀਆਂ ਪੰਗਤਾਂ ਬਾਬਤ ਜਾਣੂ ਕਰਵਾਇਆ ਤੇ ਇਸ ਬਾਬਤ ਇੱਕ ਮੰਗ ਪੱਤਰ ਸੌਂਪਿਆ। ਸਿੰਘਾਂ ਨੇ ਦੱਸਿਆ ਕਿ ਦਸਮ ਪਿਤਾ ਨੇ ਖਾਲਸਾ ਪੰਥ ਇਸ ਲਈ ਸਾਜਿਆ ਸੀ ਕਿ ਜਾਤ ਪਾਤ ਨੂੰ ਖਤਮ ਕਰਕੇ ਊਚ ਨੀਚ ਦਾ ਫਰਕ ਖਤਮ ਕੀਤਾ ਜਾ ਸਕੇ ਪਰ ਅਜੋਕੇ ਸਮੇਂ ਵਿੱਚ ਕੁੱਝ ਅਖੌਤੀ ਜਥੇਬੰਦੀਆਂ ਅਤੇ ਸੰਪਰਦਾਵਾਂ ਜਾਤਾਂ ਪਾਤਾਂ ਦੇ ਆਧਾਰ 'ਤੇ ਅੰਮ੍ਰਿਤ ਦੇ ਦੋ ਬਾਟੇ ਤਿਆਰ ਕਰਦੇ ਹਨ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਲੰਗਰ ਦੀਆਂ ਦੋ ਵੱਖ ਵੱਖ ਪੰਗਤਾਂ ਲਾਈਆਂ ਜਾਂਦੀਆਂ ਹਨ ਜਿਸ ਨਾਲ ਸਿੱਖੀ ਸਿਧਾਂਤਾਂ ਨੂੰ ਢਾਹ ਲੱਗਦੀ ਹੈ ਤੇ ਜਾਤ ਪਾਤ ਦੇ ਸਮਾਜਿਕ ਕੋਹੜ ਨਾਲ ਸਿੱਖ ਧਰਮ ਨਿਘਾਰ ਵੱਲ ਨੂੰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਲਾਲਪੁਰਾ ਤੋਂ ਇਸ ਸਮੱਸਿਆ ਦੇ ਹੱਲ ਹਿੱਤ ਠੋਸ ਉਪਰਾਲਾ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀਆਂ 'ਚ ਮਲਕੀਤ ਸਿੰਘ, ਬਾਬਾ ਨਿਹਾਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਅੰਗਰੇਜ ਸਿੰਘ, ਜਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਨਿਹੰਗ ਸਿੰਘ ਲਾਲਪੁਰਾ ਨੂੰ ਮਿਲਣ ਪੁੱਜੇ। ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇੱਕ ਉੱਘੇ ਸਿੱਖ ਵਿਦਵਾਨ ਹਨ, ਵੱਲੋਂ ਬਿਨਾਂ ਦੇਰੀ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਸਕੱਤਰ ਦੇ ਲਿਖਤੀ ਰੂਪ 'ਚ ਧਿਆਨ ਵਿਚ ਲਿਆਉਂਦਾ। ਜਿਸ ਵਿੱਚ ਉਨ੍ਹਾਂ ਸਿੱਖੀ ਸਿਧਾਂਤਾਂ ਅਤੇ ਗੁਰੂ ਸਾਹਿਬ ਦੇ ਹੁਕਮ "ਜਾਣਹੁ ਜੋਤਿ ਨ ਪੁਛਹੁ ਜਾਤੀ, ਆਗੈ ਜਾਤਿ ਨ ਹੇ।', 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।' ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮਸਲਾ ਬੇਹੱਦ ਗੰਭੀਰ ਹੈ ਜੋ ਸਿੱਖੀ ਦੇ ਵਜੂਦ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖੁਦ ਉਨ੍ਹਾਂ ਕੋਲੋਂ ਅੰਮ੍ਰਿਤ ਛਕਿਆ ਸੀ ਪਰੰਤੂ ਅਜੋਕੇ ਸਮੇਂ ਦੀ ਕੁੱਝ ਅਖੌਤੀ ਸਿੱਖ ਜਥੇਬੰਦੀਆਂ ਵੱਲੋਂ ਬਾਬਾ ਜੀਵਨ ਸਿੰਘ ਜੀ ਤੇ ਭਗਤ ਰਵਿਦਾਸ ਜੀ ਦੇ ਵੰਸ਼ਜ ਸਿੰਘਾਂ ਨੂੰ ਆਪਣੇ ਬਰਾਬਰ ਪੰਗਤ ਵਿੱਚ ਬਿਠਾ ਕੇ ਲੰਗਰ ਨਾ ਛਕਾਉਣਾ, ਇੱਥੋ ਤੱਕ ਕਿ ਇਹਨਾਂ ਦੇ ਵਰਤੇ ਭਾਂਡੇ ਅਸ਼ੁੱਧ ਸਮਝ ਕੇ ਅੱਗ ਵਿੱਚ ਸੁੱਟ ਕੇ ਪਵਿੱਤਰ ਕਰਨਾ ਆਦਿ ਵਿਤਕਰੇਬਾਜ਼ ਬੇਹੱਦ ਮੰਦਭਾਗੀ ਗੱਲ ਹੈ ਤੇ ਇਸ ਨਾਲ ਨਾਨਕ ਨਾਮਲੇਵਾ ਸੰਗਤ ਦੇ ਹਿਰਦਿਆਂ ਠੇਸ ਪੁੱਜਦੀ ਹੈ। ਇਹ ਵੀ ਪੜ੍ਹੋ: ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ 3000 ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗੀ ਪਾਕਿਸਤਾਨ ਸਰਕਾਰ ਉਨ੍ਹਾਂ ਭਾਰਤੀ ਸੰਵਿਧਾਨ ਅਤੇ ਹੋਰ ਕਾਨੂੰਨਾਂ ਦਾ ਵੇਰਵਾ ਵੀ ਦਿੱਤਾ ਜਿਨ੍ਹਾਂ ਮੁਤਾਬਿਕ ਇਹ ਕਾਰਜ ਸਜਾਯੋਗ ਹਨ। ਉਨ੍ਹਾਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਸਿੱਖ ਜਗਤ ਜਾਤ ਪਾਤ ਜਿਹੀ ਕੁਰੀਤੀਆਂ ਨੂੰ ਮਾਨਤਾ ਨਹੀਂ ਦਿੰਦਾ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਸਦਾ ਨੋਟਿਸ ਲੈਂਦੇ ਇਸ ਗੰਭੀਰ ਮਸਲੇ 'ਤੇ ਯੋਗ ਕਦਮ ਚੁੱਕਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਰੰਭ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਦੀ ਰਿਪੋਰਟ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ। - ਰਿਪੋਰਟਰ ਹਰਪ੍ਰੀਤ ਸਿੰਘ ਬੰਦੇਸ਼ਾ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK