67 ਸਾਲ ਦੀ ਉਮਰ 'ਚ ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਹੋਇਆ ਦੇਹਾਂਤ
Vinod Dua death: 67 ਸਾਲ ਦੀ ਉਮਰ 'ਚ ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਅੱਜ ਦਿਹਾਂਤ ਹੋ ਗਿਆ ਹੈ। ਇਸ ਬਾਰੇ ਪੁਸ਼ਟੀ ਉਹਨਾਂ ਦੀ ਧੀ ਤੇ ਅਭਿਨੇਤਰੀ ਮੱਲਿਕਾ ਦੁਆ ਨੇ ਪੋਸਟ ਕਰਕੇ ਦਿੱਤੀ ਹੈ। ਉਨ੍ਹਾਂ ਦੀ ਧੀ ਮੱਲਿਕਾ ਦੁਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਦਿੱਲੀ ਦੇ ਲੋਧੀ ਨਗਰ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।
ਵਿਨੋਦ ਦੁਆ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ, ਮੱਲਿਕਾ ਨੇ ਲਿਖਿਆ: "ਸਾਡੇ ਅਦੁੱਤੀ, ਨਿਡਰ ਅਤੇ ਅਸਾਧਾਰਨ ਪਿਤਾ, ਵਿਨੋਦ ਦੁਆ ਦਾ ਦੇਹਾਂਤ ਹੋ ਗਿਆ ਹੈ। ਦਿੱਲੀ ਦੀਆਂ ਸ਼ਰਨਾਰਥੀ ਬਸਤੀਆਂ ਤੋਂ 42 ਸਾਲਾਂ ਤੋਂ ਵੱਧ ਸਮੇਂ ਤੱਕ ਪੱਤਰਕਾਰੀ ਦੀ ਉੱਤਮਤਾ ਦੇ ਸਿਖਰ 'ਤੇ ਚੜ੍ਹ ਕੇ, ਹਮੇਸ਼ਾ, ਹਮੇਸ਼ਾ ਸੱਤਾ ਦੇ ਸਾਹਮਣੇ ਸੱਚ ਬੋਲਦੇ ਹੋਏ, ਉਹਨਾਂ ਨੇ ਇੱਕ ਬੇਮਿਸਾਲ ਜੀਵਨ ਬਤੀਤ ਕੀਤਾ।
ਵਿਨੋਦ ਦੁਆ ਨੂੰ ਕੋਵਿਡ ਤੋਂ ਬਾਅਦ ਦੀਆਂ ਬਿਮਾਰੀਆਂ ਕਾਰਨ ਗੰਭੀਰ ਹੋਣ ਤੋਂ ਬਾਅਦ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਮੱਲਿਕਾ ਦੁਆ ਨੇ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ। ਦੂਰਦਰਸ਼ਨ ਅਤੇ ਐਨਡੀਟੀਵੀ ਵਿੱਚ ਕਈ ਸਾਲਾਂ ਤੱਕ ਕੰਮ ਕਰਨ ਵਾਲੇ ਦੁਆ ਸਾਲ ਦੀ ਸ਼ੁਰੂਆਤ ਵਿੱਚ ਹੀ ਕੋਰੋਨਾ ਪੌਜ਼ਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਫਿਰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਉਹਨਾਂ ਦੀ ਪਤਨੀ, ਰੇਡੀਓਲੋਜਿਸਟ ਪਦਮਾਵਤੀ 'ਚਿੰਨਾ' ਦੁਆ ਦਾ ਵੀ ਕੋਵਿਡ ਨਾਲ ਲੰਬੀ ਲੜਾਈ ਤੋਂ ਬਾਅਦ ਜੂਨ ਵਿੱਚ ਦਿਹਾਂਤ ਹੋ ਗਿਆ ਸੀ।
-PTC News