ਰਾਜਿੰਦਰ ਕੌਰ ਭੱਠਲ ਨੂੰ 2 ਦਿਨ ਦੇ ਅੰਦਰ ਸਰਕਾਰੀ ਘਰ ਖਾਲੀ ਕਰਨ ਦਾ ਦਿੱਤਾ ਅਲਟੀਮੇਟਮ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਹੁਣ ਸਾਬਕਾ ਕੈਬਨਿਟ ਮੰਤਰੀਆਂ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਨਪ੍ਰੀਤ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਕਾਂਗਰਸ ਦੀ ਸੀਨੀਅਰ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ 5 ਮਈ ਤੱਕ ਸਰਕਾਰੀ ਕੋਠੀ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਹੁਣ 2 ਦਿਨ ਦੇ ਅੰਦਰ -ਅੰਦਰ ਰਾਜਿੰਦਰ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਵਾਇਸ ਚੇਅਰਪਰਸਨ ਵਜੋਂ ਕੈਬਨਿਟ ਰੈਂਕ ਦੇ ਤੌਰ 'ਤੇ ਚੰਡੀਗੜ੍ਹ ਵਿਖੇ ਸੈਕਟਰ 2 ਵਿਖੇ ਅਲਾਟ ਹੋਈ ਸਰਕਾਰੀ ਕੋਠੀ ਨੰਬਰ 8 ਖਾਲੀ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਹੋਣ ਕਰਕੇ ਰਾਜਿੰਦਰ ਭੱਠਲ ਨੂੰ ਸਰਕਾਰੀ ਕੋਠੀ ਅਲਾਟ ਕੀਤੀ ਗਈ ਸੀ। ਰਾਜਿੰਦਰ ਭੱਠਲ ਪਹਿਲਾਂ ਵੀ ਕੋਠੀ ਖਾਲੀ ਨਾ ਕਰਨ ਕਰਕੇ ਵਿਵਾਦਾਂ 'ਚ ਰਹੇ ਸੀ। ਦੱਸ ਦੇਈਏ ਕਿ ਕਾਂਗਰਸ ਸਰਕਾਰ ਦੌਰਾਨ ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਇਸ ਚੇਅਰਪਰਸਨ ਸਨ, ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਯੋਜਨਾ ਬੋਰਡ ਨੂੰ 20 ਅਪ੍ਰੈਲ ਨੂੰ ਭੰਗ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਰਕਾਰੀ ਕੋਠੀਆਂ ਖਾਲੀ ਕੀਤੀਆਂ ਸਨ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 2 ਸਥਿਤ ਸਰਕਾਰੀ ਕੋਠੀ ਨੰਬਰ 47 ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੂੰ ਅਲਾਟ ਹੋਈ ਸੀ। ਇੱਥੋਂ ਇੱਕ ਡਾਈਨਿੰਗ ਟੇਬਲ, 10 ਡਾਇਨਿੰਗ ਚੇਅਰ ਤੇ ਇੱਕ-ਇੱਕ ਸਰਵਿਸ ਟਰਾਲੀ ਤੇ ਸੋਫ਼ਾ ਨਹੀਂ ਮਿਲਿਆ। ਹਾਲਾਂਕਿ, ਇਸ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਂ ਆਉਣ 'ਤੇ ਇਸ ਨੂੰ ਨਿਰਾਧਾਰ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਜੋ ਵੀ ਸਾਮਾਨ ਲਿਆ ਹੈ, ਉਹ 15 ਸਾਲ ਪੁਰਾਣਾ ਹੈ ਤੇ ਇਸ ਦਾ ਭੁਗਤਾਨ ਕਰ ਕੀਤਾ ਹੋਇਆ ਹੈ। -PTC News