ਦਹਿਸ਼ਤਗਰਦਾਂ ਤੋਂ ਬਰਾਮਦ ਧਮਾਕਾਖੇਜ਼ ਸਮੱਗਰੀ ਦੀ ਸੁਰੱਖਿਆ ਏਜੰਸੀ ਵੱਲੋਂ ਜਾਂਚ ਜਾਰੀ: ਅਨਿਲ ਵਿਜ
ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਰਨਾਲ 'ਚ ਫੜੇ ਗਏ ਅੱਤਵਾਦੀਆਂ ਦੇ ਸਬੰਧ 'ਚ ਕਿਹਾ ਕਿ ਹਰਿਆਣਾ ਪੁਲਿਸ ਨੇ ਅੱਜ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਨੇੜੇ ਇਕ ਇਨੋਵਾ ਗੱਡੀ ਨੂੰ ਰੋਕ ਕੇ ਚਾਰ ਅੱਤਵਾਦੀਆਂ ਨੂੰ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ, ਜਿਸ 'ਚੋਂ ਵੱਡੀ ਮਾਤਰਾ 'ਚ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਹੋਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਸੁਰੱਖਿਆ ਏਜੰਸੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਸਫਲ ਕਾਰਵਾਈ ਕਰਦੇ ਹੋਏ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਨੇੜੇ ਇੱਕ ਇਨੋਵਾ ਗੱਡੀ ਨੂੰ ਰੋਕਿਆ, ਜਿਸ ਤੋਂ ਬਾਅਦ ਚਾਰ ਅੱਤਵਾਦੀਆਂ ਨੂੰ ਦਬੋਚ ਲਿਆ ਗਿਆ। ਗ੍ਰਹਿ ਮੰਤਰੀ ਨੇ ਦੱਸਿਆ ਹੈ ਕਿ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਕੋਲੋਂ 3 ਆਈ.ਈ.ਡੀ., ਇੱਕ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਇੱਕ ਲੱਖ 30 ਹਜ਼ਾਰ ਰੁਪਏ ਦੀ ਨਕਦੀ ਅਤੇ 6 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਗੁਰਪ੍ਰੀਤ, ਅਮਨਦੀਪ, ਪਰਵਿੰਦਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਹਨ ਅਤੇ ਮੁਲਜ਼ਮ ਭੁਪਿੰਦਰ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ। ਇਨ੍ਹਾਂ ਵਿਸਫੋਟਕਾਂ ਨੂੰ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਨੇ ਡਰੋਨ ਰਾਹੀਂ ਸਪਲਾਈ ਕੀਤਾ ਸੀ ਅਤੇ ਉਨ੍ਹਾਂ ਨੇ ਇਹ ਵਿਸਫੋਟਕ ਆਦਿਲਾਬਾਦ, ਜੋ ਕਿ ਤੇਲੰਗਾਨਾ ਵਿੱਚ ਹੈ ਉਥੇ ਪਹੁੰਚਾਉਣਾ ਸੀ। ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਨੇ ਬਹੁਤ ਕਾਰਵਾਈ ਕਰਦੇ ਹੋਏ ਇਨ੍ਹਾਂ ਅੱਤਵਾਦੀਆਂ ਨੂੰ ਫੜ ਲਿਆ। ਵਿਜ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਜਾਣਕਾਰੀ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਹ ਵੀ ਪੜ੍ਹੋ:ਗੁਰਨਾਮ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਕੀਤੇ ਵੱਡੇ ਸਵਾਲ, ਕਹੀ ਇਹ ਵੱਡੀ ਗੱਲ -PTC News