ਸਵਿਤਾ ਕੰਸਵਾਲ ਮਹਿਜ਼ 16 ਦਿਨਾਂ 'ਚ ਮਾਊਂਟ ਐਵਰੈਸਟ ਤੇ ਮਾਊਂਟ ਮਕਾਲੁ ਚੋਟੀਆਂ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ
ਉੱਤਰਕਾਸ਼ੀ : ਉੱਤਰਾਖੰਡ ਦੀ 26 ਸਾਲਾ ਸਵਿਤਾ ਕੰਸਵਾਲ ਨੇ ਮਾਊਂਟ ਐਵਰੈਸਟ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਚੋਟੀ ਮਾਊਂਟ ਮਕਾਲੁ ਨੂੰ ਮਹਿਜ਼ 16 ਦਿਨਾਂ 'ਚ ਸਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਸਵਿਤਾ ਹੁਣ ਤੱਕ 9 ਸਾਲਾਂ ਵਿੱਚ 12 ਚੋਟੀਆਂ ਫਤਹਿ ਕਰ ਚੁੱਕੀ ਹੈ। ਸਵਿਤਾ ਦੀ ਇਸ ਉਪਲਬਧੀ ਉਪਰ ਸਾਰਿਆਂ ਨੂੰ ਮਾਣ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਲੌਂਥਰੂ ਪਿੰਡ ਦੀ 26 ਸਾਲਾ ਸਵਿਤਾ ਕੰਸਵਾਲ ਮਹਿਜ਼ 16 ਦਿਨਾਂ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਟੀਸੀ ਮਾਊਂਟ ਐਵਰੈਸਟ ਤੇ ਮਾਊਂਟ ਮਕਾਲੁ ਉਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਵਿਤਾ ਨੂੰ 11ਵੀਂ ਜਮਾਤ 'ਚ 10 ਰੋਜ਼ਾ ਐਡਵੈਂਚਰ ਫਾਊਂਡੇਸ਼ਨ ਕੋਰਸ ਕਰਨ ਦਾ ਮੌਕਾ ਮਿਲਿਆ ਸੀ, ਜਿਸ ਮਗਰੋਂ ਉਸ ਵਿੱਚ ਚੋਟੀਆਂ ਸਰ ਕਰਨ ਦਾ ਜਨੂੰਨ ਪੈਦਾ ਹੋ ਗਿਆ। ਸਵਿਤਾ ਨੇ 12 ਮਈ ਨੂੰ ਮਾਊਂਟ ਐਵਰੈਸਟ (8848 ਮੀਟਰ) ਤੇ 28 ਮਈ ਨੂੰ ਮਾਊਂਟ ਮਕਾਲੁ (8485 ਮੀਟਰ) ਦੀ ਚੜ੍ਹਾਈ ਪੂਰੀ ਕੀਤੀ ਸੀ। ਸਵਿਤਾ ਕੰਸਵਾਲ ਅੱਜ ਹਰ ਕੋਈ ਸਵਿਤਾ ਦੇ ਹੌਂਸਲੇ ਦੀ ਤਾਰੀਫ ਕਰ ਰਿਹਾ ਹੈ ਪਰ ਇੱਥੇ ਤੱਕ ਪਹੁੰਚਣਾ ਆਸਾਨ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ 12 ਚੋਟੀਆਂ 'ਤੇ ਚੜ੍ਹ ਚੁੱਕੀ ਸਵਿਤਾ ਉਲਟ ਹਾਲਾਤ 'ਚ ਵੀ ਟੀਚੇ ਤੋਂ ਪਿੱਛੇ ਨਹੀਂ ਹਟੀ। ਸਵਿਤਾ ਕਹਿੰਦੀ ਹੈ ਕਿ ਹਰ ਕੋਈ ਜਿਸ ਨੇ ਮੇਰੀ ਮਦਦ ਕੀਤੀ ਉਸ ਨੇ ਇਹ ਚੋਟੀਆਂ ਚੜ੍ਹੀਆਂ ਹਨ ਕਿਉਂਕਿ ਪਹਾੜ ਉਤੇ ਚੜ੍ਹਨ ਤੋਂ ਪਹਿਲਾਂ ਆਰਥਿਕ ਚੁਣੌਤੀਆਂ ਦੇ ਪਹਾੜ ਨੂੰ ਜਿੱਤਣਾ ਵੀ ਬਹੁਤ ਮੁਸ਼ਕਲ ਹੈ। ਉੱਤਰਕਾਸ਼ੀ ਜ਼ਿਲ੍ਹੇ ਦੇ ਲੋਂਥਰੂ ਪਿੰਡ ਦੀ ਰਹਿਣ ਵਾਲੀ ਸਵਿਤਾ ਚਾਰ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਐਡਵਾਂਸ ਕੋਰਸਾਂ ਲਈ ਪੈਸੇ ਨਹੀਂ ਸਨ, ਇਸ ਲਈ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਰਫ਼ 6,000 ਰੁਪਏ ਦੀ ਤਨਖ਼ਾਹ ਵਿੱਚ ਖ਼ਰਚੇ ਚਲਾਉਣੇ ਸਨ ਤੇ ਪੈਸੇ ਵੀ ਬਚਾਉਣੇ ਸਨ। 2016 ਵਿੱਚ ਪਰਬਤਾਰੋਹੀ ਕੋਰਸ ਪੂਰਾ ਕੀਤਾ। 2019 ਵਿੱਚ, ਸਵਿਤਾ ਵੀ ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਦੇ ਐਵਰੈਸਟ ਕੈਂਪ ਲਈ 1000 ਲੋਕਾਂ ਵਿੱਚੋਂ ਚੁਣੇ ਗਏ 12 ਮੁਕਾਬਲੇਬਾਜ਼ਾਂ 'ਚੋਂ ਇਕ ਸੀ। ਸਵਿਤਾ ਦੀ ਲਗਾਤਾਰ ਕਾਮਯਾਬੀ ਤੋਂ ਬਾਅਦ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਸਵਿਤਾ ਨੇ ਦੱਸਿਆ ਕਿ ਮੈਨੂੰ ਪੂਰੇ ਪਿੰਡ ਦਾ ਸਹਿਯੋਗ ਵੀ ਮਿਲ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਮੇਰੀ ਉਮੀਦ ਹੋਰ ਵੱਧ ਗਈ। ਸਵਿਤਾ ਨੇ ਦੱਸਿਆ ਕਿ ਉਸ ਦੀ ਸਭ ਤੋਂ ਵੱਡੀ ਮੁਸ਼ਕਿਲ ਲੜਕੀ ਹੋਣਾ ਸੀ। ਇਸ ਕਾਰਨ ਉਸ ਨੂੰ ਘਰ ਦੇ ਅੰਦਰ ਤੇ ਬਾਹਰ ਲਿੰਗ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਜਦੋਂ ਪਰਿਵਾਰਕ ਮੈਂਬਰ ਐਨ.ਸੀ.ਸੀ. ਵਿੱਚ ਸ਼ਾਮਲ ਹੋਣ ਉਤੇ ਇਤਰਾਜ਼ ਕਰਦੇ ਹਨ ਤਾਂ ਸੋਚੋ ਕਿ ਉਸ ਘਰ 'ਚ ਰਹਿੰਦਿਆਂ ਇਕ ਕੁੜੀ ਨੂੰ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਲਈ ਲੜਨਾ ਕਿੰਨਾ ਔਖਾ ਹੋਇਆ ਹੋਵੇਗਾ ਪਰ ਉਹ ਕੋਈ ਆਮ ਕੁੜੀ ਨਹੀਂ ਸੀ। ਇਸ ਔਖੇ ਹਾਲਾਤ ਉਸ ਨੇ ਟੀਚਾ ਮਿੱਥਿਆ ਕਿ ਉਹ ਮਾਊਂਟ ਐਵਰੈਸਟ ਨੂੰ ਫਤਹਿ ਕਰੇਗੀ। ਸਵਿਤਾ ਨੇ ਕਿਹਾ ਕਿ ਉਹ ਪਹਾੜਾਂ ਦੀ ਬੇਟੀ ਹੈ, ਉਹ ਲਗਾਤਾਰ ਪਹਾੜਾਂ 'ਤੇ ਚੜ੍ਹ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਾਡੀ ਸਰਕਾਰ ਵੀ ਪਹਾੜ ਦੀ ਧੀ ਦੀ ਮਦਦ ਲਈ ਅੱਗੇ ਆਵੇਗੀ। ਹਾਲਾਂਕਿ ਹੁਣ ਤੱਕ ਸੂਬਾ ਸਰਕਾਰ ਨੇ ਸਵਿਤਾ ਦੀ ਕੋਈ ਮਦਦ ਨਹੀਂ ਕੀਤੀ ਪਰ ਇਸ ਤੋਂ ਬਾਅਦ ਵੀ ਸਵਿਤਾ ਨੂੰ ਧਾਮੀ ਸਰਕਾਰ ਤੋਂ ਕਾਫੀ ਉਮੀਦਾਂ ਹਨ। ਹੁਣ ਤੱਕ ਸਵਿਤਾ ਮਾਊਂਟ ਤ੍ਰਿਸ਼ੂਲ (7120 ਮੀਟਰ), ਮਾਊਂਟ ਤੁਲੀਅਨ (4800 ਮੀਟਰ), ਮਾਊਂਟ ਲੋਬੂਚੇ (6119 ਮੀਟਰ) ਚੋਟੀ, ਲੋਹਟਸੇ ਪਰਬਤ, ਚੰਦਰਭਾਗਾ ਪਰਬਤ, ਹਨੂੰਮਾਨ ਟਿੱਬਾ ਪਰਬਤ ਅਤੇ ਦ੍ਰੋਪਦੀ ਦੀ ਡੰਡਾ ਪੀਕ 'ਤੇ ਜਾ ਚੁੱਕੀ ਹੈ। ਇਹ ਵੀ ਪੜ੍ਹੋ : ਮਾਲਵੇ 'ਚ ਕੈਂਸਰ ; ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਥੇ-ਕਿਥੇ ਕਰਨੀ ਹੈ ਰਿਸਰਚ