ਚੰਡੀਗੜ੍ਹ- ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮੰਗਲਵਾਰ ਨੂੰ ਸੰਸਦ `ਚ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਦੇ ਜੰਗਲੀ ਜੀਵਾਂ ਨਾਲ ਸਬੰਧਤ ਰੱਖਾਂ ਦੇ ਸੁਧਾਰ ਤੇ ਸੂਬੇ `ਚ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਮੁੱਦਾ ਸੰਸਦ `ਚ ਚੁੱਕਿਆ।ਸੰਸਦ `ਚ ਸਿਫ਼ਰਕਾਲ ਦੌਰਾਨ, ਪਰਵਾਸੀ ਪੰਛੀਆਂ ਲਈ ਲਈ ਇੱਕ ਚੰਗੇ ਵਾਤਾਵਰਣ ਦੇ ਨਾਲ ਉਨ੍ਹਾਂ ਦੀਆਂ ਰੱਖਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਦੀ ਮੰਗ ਚੁੱਕਦੇ ਹੋਏ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ``ਪੰਜਾਬ ਦਾ ਵਾਤਾਵਰਣ ਬਹੁਤ ਸੁਹਾਵਣਾ ਹੈ ਤੇ ਕਈ ਪਰਵਾਸੀ ਪੰਛੀਆਂ ਦੇ ਰਹਿਣ ਲਈ ਅਨੁਕੂਲ ਹੈ। ਜੰਗਲੀ ਜੀਵਾਂ ਦੀ ਸਾਂਭ ਸੰਭਾਲ ਤੇ ਪਰਵਾਸੀ ਪੰਛੀਆਂ ਦੇ ਸੰਰਖਣ ਲਈ ਜੰਗਲੀ ਜੀਵ ਰੱਖਾਂ ਦਾ ਹੋਣਾ ਬਹੁਤ ਜਿ਼ਆਦਾ ਮਹੱਤਵਪੂਰਨ ਹੈ। ਪਰਵਾਸੀ ਪੰਛੀ ਭਾਰਤ ਨੂੰ ਚੁਣਦੇ ਹਨ ਤੇ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸਰੋਤ ਹਨ। ਪੰਜਾਬ ਸੂਬੇ `ਚ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ 7 ਰੱਖਾਂ ਹਨ, ਜਿਨ੍ਹਾਂ ਵਿਚੋਂ 6 ਸੁਰੱਖਿਅਤ ਹਨ ਤੇ ਰਾਮਸਰ ਸਾਈਟਾਂ ਵਜੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ਦੇ ਘੱਟਣ ਦਾ ਕਾਰਨ ਸੂਬੇ ਵਿਚ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਆਮਦ `ਚ ਹਰ ਸਾਲ ਗਿਰਾਵਟ ਆ ਰਹੀ ਹੈ। ਸਾਨੂੰ ਸੂਬੇ ਵਿਚ ਪਰਵਾਸੀ ਪੰਛੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਰੱਖਾਂ ਦੇ ਸੰਰਖਣ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਇਸ ਮੁੱਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਸ਼੍ਰੀ ਸੰਧੂ ਨੇ ਕਿਹਾ ਕਿ ਸੈਂਡਪਾਈਪਰ, ਪਲਾਵਰ, ਗੁੱਲਸ, ਟਰਨਸ ਯੂਰੇਸ਼ੀਅਨ ਕੂਟ, ਗਡਵਾਲ, ਕਾਮਨ ਪੋਚਾਰਡ, ਯੂਰੇਸ਼ੀਅਨ ਵਿਜ਼ੀਅਨ, ਰੂਡੀ, ਸ਼ੈਲਡਕ, ਕਾਮਨ ਟੀਲ, ਸਪੂਨਬਿਲ ਤੇ ਪੇਂਟੇਡ ਸਟੌਰਕਸ ਇਹ ਕੁੱਝ ਅਜਿਹੇ ਦੁਰਲੱਭ ਪ੍ਰਜਾਤੀਆਂ ਦੇ ਪੰਛੀ ਹਨ ਜ਼ੋ ਹਰ ਸਾਲ ਜੰਗਲੀ ਜੀਵ ਰੱਖਾਂ ਵਿਚ ਆਉਂਦੇ ਹਨ।ਉਨ੍ਹਾਂ ਦੀ ਸੰਖਿਆਵਾਂ ਬਾਰੇ ਜਿ਼ਕਰ ਕਰਦਿਆਂ, ਉਨ੍ਹਾਂ ਦੱਸਿਆ ਕਿ 2021-22 ਵਿਚ ਪੰਜਾਬ ਦੀਆਂ ਜੰਗਲੀ ਜੀਵ ਰੱਖਾਂ ਵਿਚ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਗਿਣਤੀ 95,928 ਸੀ ਜੋ ਕਿ 2022-23 ਵਿਚ ਘੱਟ ਕੇ 85,882 ਰਹਿ ਗਈ ਹੈ। ਆਮ ਤੌਰ `ਤੇ ਪਰਵਾਸੀ ਪੰਛੀਆਂ ਦਾ ਸਭ ਤੋਂ ਵੱਡਾ ਹਿੱਸਾ ਹਰੀਕੇ ਜੰਗਲੀ ਜੀਵ ਰੱਖ `ਤੇ ਆਉਂਦਾ ਹੈ। 2023 ਵਿਚ ਵੱਖ-ਵੱਖ ਦੇਸ਼ਾਂ ਤੋਂ 65,000 ਤੋਂ ਵੱੱਧ ਪਰਵਾਸੀ ਪੰਛੀ ਆਏ ਸਨ, ਜੋ ਕਿ 2021 ਵਿਚ ਆਏ ਪੰਛੀਆਂ ਦੀ ਗਿਣਤੀ ਨਾਲੋਂ ਲਗਪਗ 12 ਫ਼ੀਸਦ ਘੱਟ ਸਨ। ਜੰਗਲੀ ਜੀਵ ਰੱਖਾਂ ਦੀ ਸੁਰੱਖਿਆ ਦੇ ਨਾਲ-ਨਾਲ ਰਾਜ ਸਭਾ ਮੈਂਬਰ ਸੰਧੂ ਨੇ ਦੱਸਿਆ ਕਿ ਪ੍ਰਦੂਸਿ਼ਤ ਹੋ ਰਹੇ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਹੁਣ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡੇਅਰੀ ਤੇ ਡਾਇੰਗ ਉਦਯੋਗਾਂ ਵੱਲੋਂ ਸੁੱਟੀ ਜਾ ਰਹੀ ਗੰਦਗੀ ਨੂੰ ਰੋਕਣਾ ਜ਼ਰੂਰੀ ਹੈ। ਇਹ ਦੂਸਿ਼ਤ ਪਾਣੀ ਮਨੁੱਖੀ ਜੀਵਨ ਲਈ ਤਾਂ ਘਾਤਕ ਹੈ ਹੀ ਬਲਕਿ ਪਸ਼ੂਆਂ ਤੇ ਪੰਛੀਆਂ ਲਈ ਵੀ ਨੁਕਸਾਨਦਾਇਕ ਹੈ। ਸੂਬੇ ਵਿਚ ਦੂਸਿ਼ਤ ਹੋ ਰਹੇ ਪਾਣੀ ਕਾਰਨ ਪਰਵਾਸੀ ਪੰਛੀਆਂ ਦੀ ਆਮਦ ਵਿਚ ਵੀ ਕਾਫ਼ੀ ਕਮੀ ਆਈ ਹੈ। ਸ਼੍ਰੀ ਸੰਧੁ ਨੇ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਅਵਸਰ `ਤੇ ਆਜ਼ਾਦੀ ਦੇ ਅੰਮ੍ਰਿਤਉਤਸਵ ਦੇ ਮੌਕੇ `ਤੇ ਪੰਜਾਬ ਦੇ ਹਰ ਜਿ਼ਲ੍ਹੇ `ਚ 75 `ਅੰਮ੍ਰਿਤ ਸਰੋਵਰ` ਬਣਾਊਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।ਇਨ੍ਹਾਂ `ਅੰਮ੍ਰਿਤ ਸਰੋਵਰਾਂ` ਦੇ ਨਿਰਮਾਣ ਨਾਲ ਪਰਵਾਸੀ ਪੰਛੀਆਂ ਨੂੰ ਰਹਿਣ ਲਈ ਅਨੁਕੂਲ ਵਾਤਾਵਰਣ ਮਿਲੇਗਾ।