ਯੂਕਰੇਨ ਦੇ ਸ਼ਹਿਰਾਂ 'ਚ ਹੋ ਰਹੀ ਬੰਬਾਰੀ, ਸੈਟੇਲਾਈਟ ਰਾਹੀਂ ਹੋਇਆ ਖ਼ੁਲਾਸਾ
ਚੰਡੀਗੜ੍ਹ : ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਛੇਵੇਂ ਦਿਨ ਕਾਫੀ ਭਿਆਨਕ ਰੂਪ ਧਾਰਨ ਕਰ ਗਈ ਹੈ। ਇਨ੍ਹਾਂ 6 ਦਿਨਾਂ ਵਿੱਚ, ਰੂਸ ਨੇ ਰੁਕ-ਰੁਕ ਕੇ ਯੂਕਰੇਨ ਉਤੇ ਕਈ ਮਿਜ਼ਾਈਲਾਂ ਛੱਡੀਆਂ ਹਨ। ਇਨ੍ਹਾਂ ਹਮਲਿਆਂ ਨਾਲ ਯੂਕਰੇਨ ਲਗਭਗ ਤਬਾਹ ਹੋ ਚੁੱਕਾ ਹੈ ਪਰ ਫਿਰ ਵੀ ਨਾ ਤਾਂ ਰੂਸ ਤੇ ਨਾ ਹੀ ਯੂਕਰੇਨ ਝੁਕਣ ਨੂੰ ਤਿਆਰ ਹੈ।
ਰੂਸੀ ਫੌਜ ਇਸ ਸਮੇਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋ ਰਹੀ ਹੈ। ਹਾਲਾਂਕਿ ਬੀਤੇ ਦਿਨੀਂ ਬੇਲਾਰੂਸ 'ਚ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਯੂਕਰੇਨ ਵਿੱਚ ਹੋਈ ਤਬਾਹੀ ਦੀਆਂ ਤਾਜਾ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ ਪੂਰੀ ਤਰ੍ਹਾਂ ਨਾਲ ਘਿਰਿਆ ਹੋਇਆ ਹੈ। ਰੂਸੀ ਹਥਿਆਰਬੰਦ ਬਲਾਂ ਦਾ ਇੱਕ ਵੱਡਾ ਕਾਫਲਾ ਕੀਵ ਦੇ ਨੇੜੇ ਜਾ ਰਿਹਾ ਹੈ।
ਐਤਵਾਰ ਨੂੰ ਮੈਕਸਰ ਟੈਕਨਾਲੋਜੀਜ਼ ਤੋਂ ਸੈਟੇਲਾਈਟ ਤਸਵੀਰਾਂ ਨੇ ਸ਼ੁਰੂ ਵਿੱਚ ਘੱਟੋ-ਘੱਟ ਕਈ ਸੌ ਵਾਹਨਾਂ ਦਾ ਇੱਕ ਸਮੂਹ ਦਿਖਾਇਆ। ਜਦੋਂ ਕਿ ਸੋਮਵਾਰ ਨੂੰ ਇਹ ਕੀਵ ਦੇ ਬਾਹਰਵਾਰ ਐਂਟੋਨੋਵ ਹਵਾਈ ਅੱਡੇ ਤੋਂ ਲਗਭਗ 20 ਮੀਲ ਉੱਤਰ ਵੱਲ ਅਤੇ ਸ਼ਹਿਰ ਦੀ ਸਰਹੱਦ ਤੋਂ 30 ਮੀਲ ਦੂਰ ਸੀ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਾਹਨਾਂ ਦਾ ਇਹ ਕਾਫਲਾ ਘੱਟੋ-ਘੱਟ 17 ਮੀਲ ਤੱਕ ਫੈਲਿਆ ਹੋਇਆ ਹੈ। ਵਾਹਨਾਂ ਦੀ ਲਾਈਨ ਇੰਨੀ ਵੱਡੀ ਹੈ ਕਿ ਸੈਟੇਲਾਈਟ ਤਸਵੀਰਾਂ ਇਸ ਨੂੰ ਪੂਰੀ ਤਰ੍ਹਾਂ ਹਾਸਲ ਨਹੀਂ ਕਰ ਸਕੀਆਂ ਹਨ।
ਸੈਟੇਲਾਈਟ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਰੂਸੀ ਫ਼ੌਜੀ ਯੂਕਰੇਨ ਉਤੇ ਕਈ ਮੋਰਚਿਆਂ 'ਤੇ ਹਮਲਾ ਕਰ ਰਹੇ ਹਨ ਅਤੇ ਕੀਵ ਵੱਲ ਵੱਧ ਰਹੇ ਹਨ। ਸੈਂਕੜੇ ਬਖਤਰਬੰਦ ਗੱਡੀਆਂ ਦਾ ਕਾਫਲਾ ਹੈ। ਇਸ ਵਿੱਚ ਬਹੁਤ ਸਾਰੇ ਟੈਂਕ ਹਨ, ਹਥਿਆਰਬੰਦ ਟਰੱਕ ਤਬਾਹੀ ਦੇ ਸਮਾਨ ਨਾਲ ਲੱਦੇ ਹੋਏ ਹਨ ਅਤੇ ਅੱਗੇ ਨੂੰ ਵੱਧ ਰਹੇ ਹਨ। ਇਹ ਲਸ਼ਕਰ ਕੀਵ ਤੋਂ ਸਿਰਫ 25 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਤਸਵੀਰ 'ਚ ਸਿਰਫ ਕੀਵ ਸ਼ਹਿਰ ਦੇ ਬਾਹਰ ਲੜਾਈ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਤਸਵੀਰ ਵਿੱਚ ਜੰਗ ਵਿੱਚ ਤਬਾਹੀ, ਇੱਕ ਟੁੱਟਿਆ ਪੁਲ ਅਤੇ ਬਹੁਤ ਸਾਰੇ ਤਬਾਹ ਹੋਏ ਵਾਹਨ ਦਿਖਾਏ ਗਏ ਹਨ।
ਇਹ ਵੀ ਪੜ੍ਹੋ : Russia Ukraine War: ਜੰਗ ਹੋਈ ਤੇਜ਼, ਰੂਸ ਦੇ ਹਮਲੇ ਦੌਰਾਨ 70 ਤੋਂ ਵੱਧ ਯੂਕਰੇਨੀ ਫੌਜੀਆਂ ਦੀ ਮੌਤ