ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਨੌਜਵਾਨ ਪੀੜ੍ਹੀ ਲਈ ਰਾਹ-ਦਸੇਰਾ : ਐਸਜੀਪੀਸੀ ਪ੍ਰਧਾਨ
ਅੰਮ੍ਰਿਤਸਰ : 1897 ਵਿਚ ਹੋਈ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਸਾਰਾਗੜ੍ਹੀ ਮਾਰਚ ਤੇ ਸਮਾਗਮ ਕਰਵਾਇਆ ਗਿਆ। ਸਾਰਾਗੜ੍ਹੀ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ, ਜਦਕਿ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀ ਸਨ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਉਘੜਵੀਂ ਮਿਸਾਲ ਹੈ, ਜਿਸ ਨੇ ਸਿੱਖ ਕੌਮ ਦੇ ਅਕਸ ਨੂੰ ਦੁਨੀਆਂ ਭਰ 'ਚ ਹੋਰ ਉਭਾਰਿਆ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਘੱਟ ਗਿਣਤੀ ਸਿੱਖਾਂ ਨੇ ਹਮੇਸ਼ਾ ਹੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਪਰ ਦੁੱਖ ਦੀ ਗੱਲ ਹੈ ਕਿ ਅੱਜ ਘੱਟ ਗਿਣਤੀਆਂ ਨੂੰ ਆਪਣੇ ਹੀ ਦੇਸ਼ ਅੰਦਰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦਾ ਘੱਟ ਗਿਣਤੀ ਸਟੇਟਸ ਖੋਹਣ ਲਈ ਵੀ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਸਿੱਖ ਕੌਮ ਅਜਿਹੀਆਂ ਕੋਝੀਆਂ ਹਰਕਤਾਂ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਰਾਹ ਦਿਖਾਉਂਦਾ ਹੈ ਤੇ ਹਰ ਸਿੱਖ ਨੂੰ ਆਪਣੇ ਇਸ ਇਤਿਹਾਸ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ਉਤੇ ਸਿੱਖ ਇਤਿਹਾਸ ਨੂੰ ਨੌਜਵਾਨ ਤੱਕ ਪਹੁੰਚਾਉਣ ਲਈ ਵੱਡੇ ਯਤਨ ਕਰ ਰਹੀ ਹੈ। ਇਸ ਮੌਕੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨੌਜਵਾਨ ਲਈ ਰਾਹ-ਦਸੇਰਾ ਹੈ ਤੇ ਖਾਸਕਰ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਸਕੂਲ ਸਿਲੇਬਸ 'ਚ ਸਾਰਾਗੜ੍ਹੀ ਇਤਿਹਾਸ ਨੂੰ ਸ਼ਾਮਲ ਕਰਵਾਉਣ ਲਈ ਯਤਨ ਕੀਤਾ ਜਾਵੇਗਾ ਅਤੇ ਚੀਫ ਖਾਲਸਾ ਦੀਵਾਨ ਦੇ ਸਕੂਲਾਂ 'ਚ ਵੀ ਬੱਚਿਆਂ ਇਹ ਪੰਨੇ ਪੜ੍ਹਾਏ ਜਾਣਗੇ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲਾ ; ਸ਼ਾਰਪ ਸ਼ੂਟਰ ਦੀਪਕ ਮੁੰਡੀ ਸਣੇ ਤਿੰਨ ਗ੍ਰਿਫ਼ਤਾਰ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀ 10 ਵੱਡੀਆਂ ਜੰਗਾਂ ਵਿਚ ਸ਼ਾਮਲ ਹੈ ਕਿਉਂਕਿ ਇਸ ਜੰਗ ਦੌਰਾਨ ਸਿਰਫ਼ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਕਬਾਇਲੀਆਂ ਦਾ ਮੁਕਾਬਲਾ ਕੀਤਾ ਸੀ। ਇਸ ਜੰਗ ਦੇ ਸਿੱਖ ਫ਼ੌਜੀਆਂ ਦੀ ਬਹਾਦਰੀ ਉਤੇ ਸਿੱਖਾਂ ਨੂੰ ਸਦਾ ਮਾਣ ਰਹੇਗਾ। ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਜੋਸਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਾਰਾਗੜ੍ਹੀ ਜੰਗ ਬਾਰੇ ਇਕ ਵਿਸ਼ੇਸ਼ ਕਿਤਾਬਚਾ ਵੀ ਜਾਰੀ ਕੀਤਾ ਗਿਆ ਤੇ ਸ਼ਹੀਦ ਫ਼ੌਜੀਆਂ ਦੇ ਪੁੱਜੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਦਿੱਤੇ ਗਏ। -PTC News