ਕੋਟ ਲਖਪਤ ਜੇਲ੍ਹ 'ਚ ਜਾਨ ਗਵਾਉਣ ਵਾਲੇ ਸਰਬਜੀਤ ਸਿੰਘ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
ਅੰਮ੍ਰਿਤਸਰ : ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਜਾਨ ਗਵਾਉਣ ਵਾਲੇ ਸਰਬਜੀਤ ਸਿੰਘ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸੁਖਪ੍ਰੀਤ ਕੌਰ ਆਪਣੀ ਲੜਕੀ ਸਵਪਨਦੀਪ ਨੂੰ ਮਿਲਣ ਲਈ ਮੋਟਰਸਾਈਕਲ ਉਤੇ ਆਪਣੇ ਗੁਆਂਢੀ ਨਾਲ ਜਲੰਧਰ ਜਾ ਰਹੀ ਸੀ। ਜਦੋਂ ਉਹ ਅੰਮ੍ਰਿਤਸਰ ਦੇ ਖਜ਼ਾਨਾ ਚੌਕ ਕੋਲ ਪੁੱਜੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੇ ਸਿਰ ਉਤੇ ਸੱਟ ਲੱਗ ਗਈ। ਉਸ ਨੂੰ ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਕਾਬਿਲੇਗੌਰ ਹੈ ਕਿ ਇਸ ਸਾਲ ਜੂਨ ਮਹੀਨੇ ਵਿਚ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਸੁਖਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਭਿੱਖੀਵਿੰਡ ਸ਼ਮਸ਼ਾਨਘਾਟ ਵਿਖੇ ਦੁਪਹਿਰ 1:00 ਵਜੇ ਕੀਤਾ ਜਾਵੇਗਾ। ਇਹ ਵੀ ਪੜ੍ਹੋ : PSPCL 'ਚ ਸਹਾਇਕ ਲਾਈਨਮੈਨਜ਼ ਦੀਆਂ 2000 ਅਸਾਮੀਆਂ 'ਤੇ ਛੇਤੀ ਹੋਵੇਗੀ ਭਰਤੀ : ਹਰਭਜਨ ਸਿੰਘ ਈਟੀਓ ਦੱਸ ਦਈਏ ਕਿ ਭਾਰਤੀ ਸਰਬਜੀਤ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਅੱਤਵਾਦ ਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ ਤੇ 1991 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸਰਕਾਰ ਨੇ 2008 ਵਿਚ ਸਰਬਜੀਤ ਦੀ ਫਾਂਸੀ ਉਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ। ਸੁਖਪ੍ਰੀਤ ਕੌਰ ਨੇ ਆਪਣੇ ਪਤੀ ਨੂੰ ਜੇਲ੍ਹ 'ਚੋਂ ਕੱਢਣ ਲਈ ਕਾਫੀ ਕੋਸ਼ਿਸ਼ ਕੀਤੀ ਸੀ ਪਰ ਅਪ੍ਰੈਲ 2013 'ਚ ਲਾਹੌਰ 'ਚ ਕੈਦੀਆਂ ਦੀ ਲੜਾਈ ਤੋਂ ਬਾਅਦ ਸਰਬਜੀਤ ਸਿੰਘ ਦੀ ਮੌਤ ਹੋ ਗਈ ਸੀ। ਸਰਬਜੀਤ 'ਤੇ ਲਾਹੌਰ ਦੀ ਸੈਂਟਰਲ ਜੇਲ੍ਹ 'ਚ ਕੁਝ ਕੈਦੀਆਂ ਨੇ ਹਮਲਾ ਕੀਤਾ ਤੇ 5 ਦਿਨਾਂ ਬਾਅਦ ਹਸਪਤਾਲ 'ਚ ਉਸ ਦੀ ਮੌਤ ਹੋ ਗਈ। -PTC News