ਸੰਗਰੂਰ : ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਸਰਬਜੀਤ ਕੌਰ ਦੀ ਹਾਲਤ ਵਿਗੜੀ
ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ 2016 ਦੀ ਪੁਲਿਸ ਦੀ ਭਰਤੀ ਹੋਣ ਵਾਲੇ ਮੁੰਡੇ-ਕੁੜੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਇੱਕ ਮਹੀਨੇ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਕਿ ਅਚਾਨਕ ਕੱਲ੍ਹ ਸਵੇਰੇ ਉਨ੍ਹਾਂ ਦੀਆਂ ਸਾਥੀ 7 ਕੁੜੀਆਂ ਹਰੀਪੁਰਾ ਰੋਡ ਸੰਗਰੂਰ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਤੋਂ ਮਹਿਜ਼ 50 ਮੀਟਰ ਦੀ ਦੂਰੀ ਉਤੇ ਬਣੀ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਈਆਂ। ਉਨ੍ਹਾਂ ਵਿਚੋਂ ਸਰਬਜੀਤ ਕੌਰ ਦੀ ਹਾਲਤ ਅੱਜ ਸਵੇਰ ਵਿਗੜ ਗਈ। ਕੁੜੀਆਂ ਦੂਜੇ ਦਿਨ ਵੀ ਟੈਂਕੀ ਉਤੇ ਚੜ੍ਹੀਆਂ ਹਨ। ਉਨ੍ਹਾਂ ਸਰਕਾਰ ਦੇ ਲਾਪ੍ਰਵਾਹੀ ਵਾਲੇ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ 2016 ਤੋਂ ਲਟਕ ਰਹੀ ਪੰਜਾਬ ਪੁਲਿਸ ਵਿੱਚ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ। ਇਹ ਦੂਜੀ ਵਾਰ ਹੈ, ਜਦੋਂ ਆਪਣੀ ਮੰਗ ਦੇ ਹੱਕ ਵਿੱਚ ਪੁਲਿਸ ਭਰਤੀ ਉਮੀਦਵਾਰ ਟੈਂਕੀ ਉਤੇ ਚੜ੍ਹੇ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਤਿੰਨ ਹਫ਼ਤਿਆਂ ਤੋਂ ਪੱਕੇ ਮੋਰਚੇ ਉਤੇ ਬੈਠੇ ਉਮੀਦਵਾਰਾਂ ਵਿੱਚ ਸ਼ਾਮਲ ਹਰਪ੍ਰੀਤ ਕੌਰ ਬਠਿੰਡਾ, ਬਿਮਲਾ ਬਾਈ ਫਾਜ਼ਿਲਕਾ, ਸਰਬਜੀਤ ਕੌਰ ਮੋਗਾ, ਹਰਦੀਪ ਕੌਰ ਅਬੋਹਰ, ਮਨਪ੍ਰੀਤ ਕੌਰ ਗੁਰਦਾਸਪੁਰ, ਕੁਲਦੀਪ ਕੌਰ ਫਾਜ਼ਿਲਕਾ ਤੇ ਮਨਜੀਤ ਕੌਰ ਫਿਰੋਜ਼ਪੁਰ ਅੱਜ ਸਵੇਰੇ ਹੀ ਟੈਂਕੀ ਉਤੇ ਜਾ ਚੜ੍ਹੀਆਂ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ, ਸੰਘਰਸ਼ ਜਾਰੀ ਰਹੇਗਾ। ਟੈਂਕੀ ਹੇਠਾਂ ਧਰਨੇ ਉਤੇ ਬੈਠੇ ਉਮੀਦਵਾਰਾਂ ਵਿਚੋਂ ਜਗਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲਿਸ ਵਿੱਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਤੇ 17 ਵਿੱਚ ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਵੀ ਬੁਲਾਇਆ ਗਿਆ ਸੀ ਪਰ ਹਾਲੇ ਤੱਕ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਦੀ ਗਿਣਤੀ 550 ਹੈ। ਬੀਤੀ 22 ਮਾਰਚ ਨੂੰ ਭਰਤੀ ਉਮੀਦਵਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਕੀਤਾ ਸੀ ਤੇ 29 ਮਾਰਚ ਨੂੰ ਅੱਠ ਉਮੀਦਵਾਰ ਪਾਣੀ ਵਾਲੀ ਇਸੇ ਟੈਂਕੀ ਉਤੇ ਚੜ੍ਹੇ ਸਨ ਜੋ 3 ਅਪ੍ਰੈਲ ਨੂੰ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਭਰੋਸੇ ਮਗਰੋਂ ਹੇਠਾਂ ਉਤਰ ਆਏ ਸਨ। ਇਸ ਮਗਰੋਂ 9 ਅਪ੍ਰੈਲ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇੱਕ ਮਹੀਨੇ ਵਿੱਚ ਮਸਲਾ ਹੱਲ ਕੀਤਾ ਜਾਵੇਗਾ ਪਰ ਹਾਲੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਹ ਅੱਜ ਮੁੜ ਟੈਂਕੀ ਉਤੇ ਚੜ੍ਹੇ ਹਨ। ਭਰਤੀ ਉਮੀਦਵਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਟੈਂਕੀ ਉਤੇ ਚੜ੍ਹੀ ਕਿਸੇ ਵੀ ਲੜਕੀ ਦਾ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਇਹ ਵੀ ਪੜ੍ਹੋ : ਜੌਨੀ ਡੇਪ ਨੇ ਸਾਬਕਾ ਪਤਨੀ ਅੰਬਰ ਹਰਡ ਖਿਲਾਫ ਜਿੱਤਿਆ ਮਾਣਹਾਨੀ ਦਾ ਕੇਸ, ਮਿਲਣਗੇ 15 ਮਿਲੀਅਨ ਡਾਲਰ