Sangrur Results 2022: ਫੈਡਰੇਸ਼ਨ ਗਰੇਵਾਲ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ
ਤਲਵੰਡੀ ਸਾਬੋ: ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਦੇ ਆਏ ਨਤੀਜਿਆਂ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਫੈਡਰੇਸ਼ਨ ਗਰੇਵਾਲ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਨ ਸਾਹਿਬ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਅਣਖੀ ਤੇ ਗੈਰਤ ਮੰਦ ਲੋਕਾਂ ਵੱਲੋਂ ਕੇਜਰੀਵਾਲ ਦੀਆਂ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਤਲਵੰਡੀ ਸਾਬੋ ਵਿਖੇ ਮਾਲਵਾ ਜ਼ੋਨ ਦੇ ਫੈਡਰੇਸ਼ਨ ਵਰਕਰਾਂ ਦੀ ਮੀਟਿੰਗ ਉਪਰੰਤ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਪ੍ਰਗਟਾਵਾ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਕੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਪਿੱਠ ਦਿਖਾਕੇ ਦੇਸ਼ ਅੰਦਰ ਪੰਜਾਬ ਦੀ ਜਿੱਤ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੇ ਕੇਜਰੀਵਾਲ ਵੱਲੋਂ ਕੌਮੀ ਲੀਡਰ ਵਜੋਂ ਕੀਤੇ ਜਾ ਰਹੇ ਉਭਾਰ ਦਾ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਵਿਸ਼ੇਸ਼ ਕਰਕੇ ਪੰਜਾਬ ਦੇ ਨਾਮਜ਼ਦ ਭਗਵੰਤ ਨੂੰ ਮੁੱਖ ਮੰਤਰੀ ਬਣਾਉਣ ਤੋਂ ਪਹਿਲਾ ਇਕ ਨਾਟਕੀ ਢੰਗ ਕੇਜਰੀਵਾਲ ਦੇ ਪੈਰਾਂ 'ਚ ਬਿਠਾਉਣਾ ਪੱਗ ਪੈਰੀ ਰਖਵਾਉਣਾ ਅਤੇ ਸੰਗਰੂਰ 'ਚ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੂੰ ਗੱਡੀ ਨਾਲ ਲਮਕਾਉਣ ਦੀਆਂ ਕਾਰਵਾਈਆਂ ਦਾ ਵੱਡਾ ਰੋਸ ਕੇਜਰੀਵਾਲ ਤੇ ਉਸ ਦੀ ਪਾਰਟੀ ਨੂੰ ਭੁਗਤਣਾ ਪਿਆ ਹੈ। ਅੱਜ ਫੈਡਰੇਸ਼ਨ ਸੁਆਲ ਕਰਦੀ ਹੈ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਜਿੱਤ ਲਈ ਲਿਖਕੇ ਦੇਣ ਦੇ ਦਾਅਵੇ ਅੱਜ ਕਿੱਥੇ ਹਨ। ਅੱਜ ਦੀ ਮੀਟਿੰਗ 'ਚ ਪੰਜਾਬ ਨਾਲ ਹੋ ਰਹੇ ਖਿਲਵਾੜ ਅਤੇ ਪੰਜਾਬ ਦੀ ਆਰਥਿਕਤਾ ਨੂੰ ਲਾਇਆ ਜਾ ਰਿਹਾ ਖੋਰਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਫੈਡਰੇਸ਼ਨ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਅਜਿਹੀਆਂ ਸਿੱਖ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਦਾ ਡਟਵਾਂ ਵਿਰੋਧ ਕਰੇਗੀ। ਇਸ ਮੌਕੇ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ, ਧਰਮਿੰਦਰ ਸਿੰਘ ਮੁਕਤਸਰ ਸਾਹਿਬ, ਹਰਬਖਸ਼ੀਸ਼ ਸਿੰਘ ਰਾਏ, ਕੁਲਜੀਤ ਸਿੰਘ ਧੰਜਲ, ਗੁਰਨਾਮ ਸਿੰਘ ਸੈਦਾਂ ਰੁਹੇਲਾ, ਮਲਕੀਤ ਸਿੰਘ ਲਾਇਲਪੁਰੀ, ਡਾ: ਸੁਖਦੇਵ ਸਿੰਘ, ਗੁਰਜੀਤ ਸਿੰਘ ਉਪਲ, ਤਰਸੇਮ ਸਿੰਘ, ਸ਼ੇਰ ਸਿੰਘ ਪੰਨੂੰ, ਸਵਰਨ ਸਿੰਘ ਸੰਧੂ, ਬਲਰਾਜ ਸਿੰਘ ਛੀਨਾ, ਭੁਪਿੰਦਰ ਸਿੰਘ ਧਨੋਲਾ, ਭੁਪਿੰਦਰ ਸਿੰਘ, ਹਰਪਾਲ ਸਿੰਘ, ਹਰਜੋਤ ਸਿੰਘ ਉਭੀ, ਬਿਕਰਮਜੀਤ ਸਿੰਘ ਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ। -PTC News