ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰੇ ਦਾ ਐਲਾਨ
ਲੁਧਿਆਣਾ : ਲੁਧਿਆਣਾ ਵਿੱਚ ਪੈਂਦੇ ਗੁਰਦੁਆਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਆਗੂਆਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਤਿੰਨ ਆਗੂਆਂ ਦੀ ਪ੍ਰਧਾਨਗੀ ਮੰਡਲ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਬੀਕੇਯੂ ਲੱਖੋਵਾਲ, ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਗੁਰਬਖਸ਼ ਸਿੰਘ ਸੂਬਾ ਪ੍ਰਧਾਨ ਜੈ ਕਿਸਾਨ ਅੰਦੋਲਨ ਹੇਠ ਹੋਈ। ਇਸ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਭਖਦੇ ਮਸਲਿਆਂ ਤੋਂ ਇਲਾਵਾ 4 ਮਈ ਨੂੰ ਪੰਜਾਬ ਤੋਂ ਵੱਡਾ ਕਾਫਲਾ ਰਵਾਨਾ ਹੋਵੇਗਾ। ਇਹ ਕਾਫਲਾ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਤੋਂ ਹੁੰਦਾ ਹੋਇਆ ਉਤਰ ਪ੍ਰਦੇਸ਼ ਪੁੱਜੇਗਾ। ਕਿਸਾਨ ਮੋਰਚੇ ਦੇ ਆਗੂ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਇਨਸਾਫ ਦਿਵਾਉਣ ਦੀ ਮੰਗ ਕਰਨਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਲ੍ਹ ਵਿੱਚ ਬੰਦ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। 17 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਨਾਲ ਐਸਕੇਐਮ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਤੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਣਕ ਦੇ ਘੱਟ ਝਾੜ ਉਤੇ ਬੋਨਸ ਦਿੱਤਾ ਜਾਵੇਗਾ। ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਮੂੰਗੀ, ਮੱਕੀ, ਬਾਸਮਤੀ ਤੇ ਘੱਟੋ ਘੱਟ ਸਮਰਥਨ ਮੁੱਲ ਉਤੇ ਐਮਐਸਪੀ ਦਿੱਤਾ ਜਾਵੇਗਾ ਤੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਸੀਐਮਡੀ ਨਾਲ ਮੀਟਿੰਗ ਵੀ ਤੈਅ ਕਰਾਂਵਾਗੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਇੱਕ ਹਫ਼ਤੇ ਅੰਦਰ ਐਸਕੇਐਮ ਦੀ ਮੀਟਿੰਗ ਦੁਬਾਰਾ ਸੱਦਾਂਗਾ। ਅੱਜ ਐਸਕੇਐਮ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕਣਕ 'ਤੇ ਬੋਨਸ ਸਬੰਧੀ, ਬਿਜਲੀ ਸਪਲਾਈ ਬਾਰੇ, ਭਾਖੜਾ/ਬਿਆਸ, ਮੈਨੇਜਮੈਂਟ ਬੋਰਡ ਬਾਰੇ, ਪ੍ਰੀਪੇਡ ਮੀਟਰਾਂ ਬਾਰੇ, ਘੱਟੋ ਘੱਟ ਸਮਰਥਨ ਮੁੱਲ ਤੇ ਐਮਐਸਪੀ ਬਾਰੇ, ਉਪਰੋਕਤ ਮੰਗਾਂ ਨਾ ਮੰਨੀਆਂ ਜਾਣ ਕਰ ਕੇ ਐਕਸ਼ਨ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦੀਆਂ ਐਸਕੇਐਮ ਦੀਆਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਉਤੇ ਪੁੱਜ ਕੇ 17 ਮਈ ਨੂੰ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਐਸਕੇਐਮ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਜਿੰਦਰ ਸਿੰਘ ਖੋਸਾ, ਗੁਰਮੀਤ ਸਿੰਘ ਮਹਿਮਾ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਾਗੜੀਆਂ, ਹਰਦੇਵ ਸਿੰਘ ਸੰਧੂ, ਹਰਸਲਿੰਦਰ ਸਿੰਘ, ਗੁਰਵਿੰਦਰ ਸਿੰਘ ਭੰਗੂ, ਸੁੱਚਾ ਸਿੰਘ ਲਾਧੂਪੁਰ, ਜਸਵਿੰਦਰ ਸਿੰਘ ਸਾਈਂਆਂ ਵਾਲਾ, ਬਲਵੀਰ ਸਿੰਘ ਰੰਧਾਵਾ, ਬਲਦੇਵ ਸਿੰਘ ਜੀਰਾ, ਜਸਵੀਰ ਸਿੰਘ, ਗੁਰਨਾਮ ਸਿੰਘ, ਬਖਸੀਸ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ। ਇਹ ਵੀ ਪੜ੍ਹੋ : ਪਟਿਆਲਾ ਸ਼ਹਿਰ 'ਚ ਇੰਟਰਨੈਟ ਸੇਵਾਵਾਂ ਮੁੜ ਬਹਾਲ