ਕਿਸਾਨ ਜਥੇਬੰਦੀਆਂ ਨੇ ਬਣਾਇਆ ਨਵਾਂ ਮੋਰਚਾ, ਸੰਯੁਕਤ ਸਮਾਜ ਮੋਰਚਾ ਰੱਖਿਆ ਨਾਮ, ਜਾਣੋ ਕੌਣ ਹੋਵੇਗਾ CM ਦਾ ਚੇਹਰਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸਿਖਰਾਂ 'ਤੇ ਹੈ।ਜਿਸ ਨੂੰ ਲੈ ਵੱਖ ਵੱਖ ਰਾਜਨੀਤਿਕ ਪਾਰਟੀਆਂ ਤਿਆਰੀ ਕਸ ਰਹੀਆਂ ਹਨ, ਅਜਿਹੇ 'ਚ ਕਿਸਾਨ ਜੱਥੇਬੰਦੀਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ 'ਸੰਯੁਕਤ ਸਮਾਜ ਮੋਰਚੇ' ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮੋਰਚਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜੇਗਾ। ਮਿਲੀ ਜਾਣਕਾਰੀ ਮੁਤਾਬਕ 22 ਜਥੇਬੰਦੀਆਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ 'ਚ ਮੁੱਖ ਮੰਤਰੀ ਦਾ ਚੇਹਰਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਣਗੇ।
ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਿਆਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜੀ ਜਾਵੇਗੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਸਾਥ ਦੇਣ ਦੀ ਵੀ ਅਪੀਲ ਕੀਤੀ।
ਇਸ ਸਬੰਧੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਲੋਕਾਂ ਦੀ ਮੰਗ ਹੈ ਅਤੇ ਲੋਕਾਂ ਮੁਤਾਬਕ ਹੀ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਿਸਟਮ ਗੰਦਾ ਹੋ ਗਿਆ ਹੈ, ਜਿਸ ਨੂੰ ਸੁਧਾਰਨ ਦੀ ਲੋੜ ਹੈ।
ਹੋਰ ਪੜ੍ਹੋ: ਸੋਹਣਾ ਤੇ ਮੋਹਣਾ ਨੂੰ ਮਿਲੀ PSPCL’ਚ ਨੌਕਰੀ, ਕਾਇਮ ਕੀਤੀ ਮਿਸਾਲ
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਸੈੰਬਲੀ ਚੋਣਾਂ ਨਹੀ ਲੜ ਰਿਹਾ। ਇਸਦੀ ਜਾਣਕਾਰੀ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਡਾ ਦਰਸ਼ਨਪਾਲ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ 32 ਕਿਸਾਨ ਜਥੇਬੰਦੀਆਂ 'ਚੋਂ 11 ਜਥੇਬੰਦੀਆਂ ਨੇ ਦੂਰੀ ਬਣਾ ਲਈ ਹੈ। ਜਿਸ ਦੌਰਾਨ 15 ਜਨਵਰੀ ਨੂੰ ਵੱਖ ਹੋਈਆਂ 11 ਜਥੇਬੰਦੀਆਂ ਦੀ ਮੀਟਿੰਗ ਹੋਵੇਗੀ।
-PTC News