ਮਿਹਨਤ ਨੂੰ ਸਲਾਮ ; ਮਰਦ ਬਣ ਕੇ ਔਰਤ ਚਲਾ ਰਹੀ ਆਟੋ ਰਿਕਸ਼ਾ
ਬਠਿੰਡਾ : ਜੇ ਇਨਸਾਨ ਵਿਚ ਮਿਹਨਤ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ ਤਾਂ ਉਹ ਹਰ ਮੁਸ਼ਕਲ ਹਾਲਾਤ ਨੂੰ ਵੀ ਪਾਰ ਕਰ ਲੈਂਦਾ ਹੈ। ਬਠਿੰਡਾ ਵਿਚ ਰਹਿਣ ਵਾਲੀ ਆਟੋ ਰਿਕਸ਼ਾ ਡਰਾਈਵਰ ਛਿੰਦਰਪਾਲ ਕੌਰ ਵੀ ਆਪਣੀਆਂ ਮੁਸ਼ਕਲਾਂ ਨੂੰ ਲਾਂਭੇ ਕਰਕੇ ਅੱਗੇ ਵੱਧ ਰਹੀ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਬਠਿੰਡਾ ਵਿਚ ਰਹਿਣ ਵਾਲੀ ਛਿੰਦਰਪਾਲ ਕੌਰ ਇਕ ਮਹਿਲਾ ਹੋਣ ਕਾਰਨ ਪੁਰਸ਼ ਬਣ ਕੇ ਆਟੋ ਰਿਕਸ਼ਾ ਚਲਾਉਂਦੀ ਹੈ। ਆਟੋ ਰਿਕਸ਼ਾ ਚਲਾਉਣ ਵਾਲੀ ਛਿੰਦਰਪਾਲ ਕੌਰ ਨੇ ਦੱਸਿਆ ਕਿ ਜਦ ਉਹ ਔਰਤਾਂ ਵਾਲੇ ਕੱਪੜੇ ਪਾ ਕੇ ਆਟੋ-ਰਿਕਸ਼ਾ ਚਲਾਉਂਦੀ ਸੀ ਤਾਂ ਉਸ ਦੇ ਆਟੋ ਵਿਚ ਕੋਈ ਵੀ ਸਵਾਰੀ ਨਹੀਂ ਬੈਠਦੀ ਸੀ। ਬਲਕਿ ਮਹਿਲਾ ਆਟੋ ਰਿਕਸ਼ਾ ਡਰਾਈਵਰ ਦੇਖ ਕੇ ਸ਼ਰਾਬੀ ਲੋਕ ਉਸ ਦੇ ਆਟੋ ਵਿਚ ਬੈਠ ਜਾਂਦੇ ਹਨ, ਜਿਸ ਕਾਰਨ ਉਹ ਪੁਰਸ਼ਾਂ ਦੀ ਤਰ੍ਹਾਂ ਪੱਗ ਅਤੇ ਕੁੜਤਾ ਪਜ਼ਾਮਾ ਪਾ ਕੇ ਪਿਛਲੇ ਕਈ ਸਾਲਾਂ ਤੋਂ ਆਟੋ ਰਿਕਸ਼ਾ ਚਲਾ ਰਹੀ ਹੈ। ਇਹ ਵੀ ਪੜ੍ਹੋ : 400 ਤੋਂ ਵੱਧ ਪੁਲਿਸ ਕਰਮੀਆਂ ਨੂੰ ਲੈ ਕੇ ਮਕਬੂਲਪੁਰਾ ਪਹੁੰਚੀ ਪੁਲਿਸ ਫੋਰਸ, ਸਰਚ ਅਭਿਆਨ ਜਾਰੀ ਛਿੰਦਰਪਾਲ ਕੌਰ ਨੇ ਕਿਹਾ ਕਿ ਮਜਬੂਰੀ ਵਿਚ ਘਰ ਦਾ ਗੁਜ਼ਾਰਾ ਕਰਨ ਲਈ ਉਸ ਨੂੰ ਪੁਰਸ਼ ਬਣ ਕੇ ਆਟੋ ਰਿਕਸ਼ਾ ਚਲਾਉਣਾ ਪੈਂਦਾ ਹੈ। ਪਿਛਲੇ ਕਰੀਬ 5 ਸਾਲਾਂ ਤੋਂ ਉਹ ਆਟੋ ਰਿਕਸ਼ਾ ਚਲਾ ਰਹੀ ਹੈ। ਉਸ ਦੇ ਚਾਰ ਬੱਚੇ ਸਨ, ਜਿਸ ਵਿਚੋਂ ਤਿੰਨ ਦੀ ਮੌਤ ਹੋ ਗਈ। ਪਤੀ ਦੇ ਸ਼ਰਾਬੀ ਹੋਣ ਕਾਰਨ ਉਸ ਨੂੰ ਛੱਡਣਾ ਪਿਆ। ਇਸ ਤੋਂ ਬਾਅਦ ਉਹ ਹੁਣ ਆਪਣੀ ਵਿਧਵਾ ਮਾਂ ਦੇ ਨਾਲ ਉਸ ਦੇ ਘਰ ਵਿਚ ਰਹਿ ਰਹੀ ਹੈ। ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਸਿਰ ਉਤੇ ਕਰਜ਼ਾ ਚੜ੍ਹਿਆ ਹੈ, ਕਰਜ਼ਦਾਰ ਉਸ ਨੂੰ ਤੰਗ-ਪਰੇਸ਼ਾਨ ਵੀ ਕਰਦੇ ਹਨ। ਵਿਦੇਸ਼ ਵਿਚ ਰਹਿਣ ਵਾਲੀ ਔਰਤ ਵੱਲੋਂ ਛਿੰਦਰਪਾਲ ਕੌਰ ਨੂੰ ਆਟੋ ਰਿਕਸ਼ਾ ਦਿਵਾਇਆ ਗਿਆ, ਜਿਸ ਨੂੰ ਚਲਾ ਕੇ ਉਹ ਆਪਣਾ ਗੁਜ਼ਾਰਾ ਕਰ ਰਹੀ ਹੈ। ਰਿਪੋਰਟ-ਮੁਨੀਸ਼ ਗਰਗ -PTC News