ਅਦਾਰਾ ਪੀਟੀਸੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ
ਅਦਾਰਾ ਪੀਟੀਸੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ,ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ: ਦੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ ੯ ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ ਤੇ ਜਿਸ ਅਸਥਾਨ ‘ਤੇ ਗੁਰੂ ਸਾਹਿਬ ਦਾ ਜਨਮ ਹੋਇਆ ਉਸ ਅਸਥਾਨ ‘ਤੇ ਅੱਜ ਕੱਲ੍ਹ ਗੁਰੂ ਕਾ ਮਹਿਲ ਗੁਰੂਦੁਆਰਾ ਸਾਹਿਬ ਸਥਿਤ ਹੈ।ਸ੍ਰੀ ਗੁਰੂ ਤੇਗ ਬਹਾਦੁਰ ਜੀ ਬਹੁਤ ਹੀ ਤਿਆਗੀ ਸੁਭਾਅ ਦੇ ਸਨ ਅਤੇ ਹਮੇਸ਼ਾ ਉਸ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸੀ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ‘ਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾਇਆ।ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਅੰਮ੍ਰਿਤਸਰ ਨਗਰ ਤੋਂ 7 ਕਿਲੋਮੀਟਰ ਪੂਰਬ ਵੱਲ ਸਥਿਤ ਇੱਕ ਪੁਰਾਤਨ ਪਿੰਡ ਜਿੱਥੇ 1664 ਈ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ।ਜੇਕਰ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਬਾਬਾ ਬਕਾਲਾ ਤੋਂ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ ਸਨ। ਉਸ ਵਕਤ ਮਸੰਦ ਗੁਰੂ ਘਰ ਦੀ ਗੋਲਕ ਦੇ ਪੈਸੇ ਆਪਸ ‘ਚ ਵੰਡ ਲੈਂਦੇ ਸੀ।ਉੱਥੋਂ ਦੇ ਮਸੰਦਾਂ ਨੂੰ ਇਹ ਚਿੰਤਾ ਹੋ ਗਈ ਕਿ ਕਿਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਰਿਮੰਦਿਰ ਸਾਹਿਬ ‘ਤੇ ਕਬਜ਼ਾ ਨਾ ਕਰ ਲੈਣ ਪਰ ਗੁਰੂ ਜੀ ਸਿਰਫ ਆਪਣੇ ਪੂਰਵਜਾਂ ਦੀ ਚਰਨ ਸ਼ੋਹ ਪ੍ਰਾਪਤ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਆਏ ਸੀ ਪਰ ਮਸੰਦਾਂ ਨੇ ਗੁਰੂ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ‘ਤੇ ਬਹੁਤ ਸਮੇਂ ਦੇ ਲਈ ਉੱਥੋਂ ਚਲੇ ਗਏ।ਗੁਰੂ ਸਾਹਿਬ ਕੁੱਛ ਦੇਰ ਤੱਕ ਅਕਾਲ ਬੰਗਾ ਦੇ ਕੋਲ ਥੜਾ ਸਾਹਿਬ ਵਾਲੇ ਸਥਾਨ ਤੇ ਬੈਠੇ ਰਹੇ ਫਿਰ ਇਹ ਕਹਿ ਕੇ ਉੱਥੋਂ ਚਲੇ ਗਏ ”ਨਹਿ ਮਸੰਦ ਤੁਮ ਅੰਮ੍ਰਿਤਸਰੀਏ।। ”ਤ੍ਰਿਸਨਾਗਨਿ ਸੇ ਅੰਦਰ ਸੜੀਏ ।। ਜਿਸਦਾ ਭਾਵ ਸੀ ਅੰਮ੍ਰਿਤਸਰ ਦੇ ਲੋਕਾਂ ਦਾ ਮਨ ਹਮੇਸ਼ਾ ਤੱਪਦਾ ਰਹੇਗਾ ਤੇ ਉਹ ਬਰਕਤਾਂ ਤੋਂ ਹਮੇਸ਼ਾਂ ਵਾਂਜੇ ਰਹਿਣਗੇ।ਅੱਜ ਕੱਲ ਇਸ ਅਸਥਾਨ ਤੇ ਗੁਰਦੁਆਰਾ ਥੜਾ ਸਾਹਿਬ ਸਥਿਤ ਹੈ।ਗੁਰੂ ਸਾਹਿਬ ਉੱਥੋਂ ਚਲਦੇ ਹੋਏ ਵੱਲੇ ਪਿੰਡ ਵੱਲ ਗਏ ਅਤੇ ਨਗਰ ਦੇ ਬਾਹਰ ਪਿੱਪਲ ਦੇ ਬ੍ਰਿਛ ਥੱਲੇ ਬਿਰਾਜਮਾਨ ਹੋ ਗਏ।ਜਦੋਂ ਪਿੰਡ ਦੇ ਰਹਿਣ ਵਾਲੇ ਵਸਨੀਕਾਂ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਪਿੰਡ ਦੀ ਇਕ ਸਿਦਕੀ ਮਾਈ ਹਰਿਆਂ ਆਪਣੇ ਘਰ ਲੈ ਗਈ ਤੇ ਉੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪੂਰਾ ਪਿੰਡ ਆ ਗਿਆ। ਅੱਜ ਇਸ ਅਸਥਾਨ ‘ਤੇ ਗੁਰਦੁਆਰਾ ਕੋਠਾ ਸਾਹਿਬ ਸਥਿਤ ਹੈ ਤੇ ਦੂਸਰੇ ਪਾਸੇ ਅੰਮ੍ਰਿਤਸਰ ਦੀਆਂ ਔਰਤਾਂ ਨੂੰ ਗੁਰੂ ਜੀ ਦੇ ਆਉਣ ਬਾਰੇ ਪਤਾ ਲੱਗਿਆ ਤੇ ਇਹ ਵੀ ਪਤਾ ਲੱਗਾ ਕਿ ਮਸੰਦਾਂ ਨੇ ਗੁਰੂ ਜੀ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸੋ ਅੰਮ੍ਰਿਤਸਰ ਦੀਆਂ ਔਰਤਾਂ ਗੁਰੂ ਜੀ ਕੋਲੋਂ ਮੁਆਫੀ ਮੰਗਣ ਲਈ ਵੱਲਾ ਪਿੰਡ ਪਹੁੰਚ ਗਈਆਂ। ਉਹਨਾਂ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਤੇ ਕਿਹਾ ਜਿਹੜਾ ਸਰਾਪ ਤੁਸੀਂ ਮਸੰਦਾਂ ਨੂੰ ਦਿੱਤਾ ਹੈ ਗੁਰੂ ਜੀ ਉਸਦੀ ਵੀ ਮੁਆਫੀ ਦੇ ਦਿਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਵੱਲਾ ਗੁਰੂ ਕਾ ਗੱਲਾ ਜਿਸਦਾ ਭਾਵ ਸੀ ਜਿਹੜਾ ਅਮ੍ਰਿਤਸਰੀਆਂ ਵੱਲਾ ਸਾਹਿਬ ਗੁਰੂ ਘਰ ਦੇ ਦਰਸ਼ਨਾਂ ਲਈ ਆਵੇਗਾ ਉਸ ਦਾ ਹਿਰਦਾ ਠੰਡਾ ਤੇ ਚੋਲੀਆਂ ਹਮੇਸ਼ਾਂ ਭਰੀਆਂ ਰਹਿਣਗੀਆਂ ਨਾਲ ਹੀ ਗੁਰੂ ਜੀ ਨੇ ਉਹਨਾਂ ਬੀਬੀਆਂ ਨੂੰ ਖੁਸ਼ੀ ਦੇ ਨਾਲ ਮਾਈਆਂ ਰੱਬ ਰਜਾਈਆਂ ਦਾ ਵਰਦਾਨ ਦਿੱਤਾ। ਅੱਜ ਕੱਲ੍ਹ ਇਸ ਜਗ੍ਹਾ ‘ਤੇ ਗੁਰਦੁਆਰਾ ਵੱਲਾ ਸਾਹਿਬ ਸਥਿਤ ਹੈ ਜਿੱਥੇ ਹਰ ਸਾਲ ਮਾਘ ਦੇ ਮਹੀਨੇ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ।ਗੁਰੂ ਸਾਹਿਬ ਨੇ ਨਾ ਸਿਰਫ ਮਾਨਵਤਾ ਦਾ ਸੰਦੇਸ਼ ਦਿੱਤਾ ਸਗੋਂ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦ ਹੋ ਗਏ ਤੇ ਆਪਣੀ ਇਸ ਸ਼ਹਾਦਤ ਦੇ ਨਾਲ ਸਰਬ ਸਾਂਝੇ ਧਰਮ ਅਰਥਾਤ ਮਾਨਵਤਾ ਅਹਿੰਸਾ ਦਇਆ ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਚੱਲਣ ਦਾ ਸੰਦੇਸ਼ ਦਿੱਤਾ। ਆਪ ਸਭ ਨੂੰ ਅਦਾਰਾ ਪੀਟੀਸੀ ਨੈੱਟਵਰਕ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ‘ਤੇ ਬਹੁਤ-ਬਹੁਤ ਮੁਬਾਰਕਾਂ। -PTC News