ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੇ ਜਲੰਧਰ ਵਿਖੇ ਸੁਪਰ ਸਪੈਸ਼ਲਟੀ ਕੈਂਸਰ ਹਸਪਤਾਲ ਬਣਾਉਣ ਦੀ ਮੰਗ
ਚੰਡੀਗੜ੍ਹ, 23 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਮੁਹਾਲੀ ਜਿਸਦਾ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰ ਰਹੇ ਹਨ, ਦੀ ਤਰਜ਼ ’ਤੇ ਅੰਮ੍ਰਿਤਸਰ ਤੇ ਜਲੰਧਰ ਵਿਚ ਦੋ ਸੁਪਰ ਸਪੈਸ਼ਲਟੀ ਹਸਪਤਾਲ ਸਥਾਪਿਤ ਕੀਤੇ ਜਾਣ ਤੇ ਉਹਨਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਫਨਿਆਂ ਦਾ ਪ੍ਰਾਜੈਕਟ ਮੁਕੰਮਲ ਹੋਣ ’ਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਾਜੈਕਟ ਦੇ ਉਦਘਾਟਨ ਲਈ ਪੰਜਾਬ ਆਉਣ ’ਤੇ ਸਵਾਗਤ ਕੀਤਾ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਪ੍ਰਾਜੈਕਟ ਦੀ ਪ੍ਰਵਾਨਗੀ ਦੇਣ ਵਿਚ ਅਹਿਮ ਭੂਮਿਕਾ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਇਹ ਪੰਜਾਬ ਵਿਚ ਖੁਸ਼ੀਆਂ ਵਾਲਾ ਦਿਨ ਹੈ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਂਸਰ ਖਿਲਾਫ ਆਰੰਭੀ ਜੰਗ ਦੇ ਨਤੀਜੇ ਵਜੋਂ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਮੁਕੰਮਲ ਹੋਇਆ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪ ਨਿੱਜੀ ਤੌਰ ’ਤੇ ਟਾਟਾ ਮੈਮੋਰੀਅਲ ਸੈਂਟਰ ਦਾ ਦੌਰਾ ਕੀਤਾ ਸੀ ਤੇ ਇਸਦੇ ਬੋਰਡ ਨੂੰ ਬੇਨਤੀ ਕੀਤੀ ਸੀ ਕਿ ਮੁਹਾਲੀ ਵਿਚ ਹੋਮੀ ਭਾਬਾ ਹਸਪਤਾਲ ਸਥਾਪਿਤ ਕੀਤਾ ਜਾਵੇ ਤੇ ਟੀ ਐਮ ਸੀ ਬੋਰਡ ਵੱਲੋਂ ਮੁੰਬਈ ਤੋਂ ਬਾਹਰ ਪ੍ਰਵਾਨ ਕੀਤਾ ਅਜਿਹਾ ਪਹਿਲਾਂ ਇੰਸਟੀਚਿਊਟ ਬਣ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਮੁਹਾਲੀ ਵਿਚ ਇੰਸਟੀਚਿਊਟ ਵਾਸਤੇ 50 ਏਕੜ ਥਾਂ ਦਿੱਤੀ ਸੀ। ਇਸ ਪਹਿਲਕਦਮੀ ਦੇ ਵਿਸਥਾਰ ਦੀ ਲੋੜ ਬਾਰੇ ਗੱਲ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁਹਾਲੀ ਰਿਸਰਚ ਸੈਂਟਰ ਦੇ 100 ਬੈਡਾਂ ਦਾ ਸਬ ਸੈਂਟਰ ਸੰਗਰੂਰ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸਥਾਪਿਤ ਕੀਤਾ ਗਿਆ ਤੇ ਏਮਜ਼ ਬਠਿੰਡਾ ਦੇ ਨਾਲ ਨਾਲ ਐਡਵਾਂਸ ਕੈਂਸਰ ਰਿਸਰਚ ਹਸਪਤਾਲ ਵੀ ਉਸ ਸਮੇਂ ਦੌਰਾਨ ਹੀ ਸਥਾਪਿਤ ਕੀਤਾ ਗਿਆ ਸੀ ਤੇ ਹੁਣ ਸੂਬੇ ਦੇ ਹੋਰ ਭਾਗਾਂ ਵਿਚ ਅਜਿਹੇ ਸੁਪਰ ਸਪੈਲਟੀ ਹਸਪਤਾਲ ਸਥਾਪਿਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਿਹੇ ਹੀ 100 ਬੈਡਾਂ ਵਾਲੇ ਸੁਪਰ ਸਪੈਸ਼ਲਟੀ ਕੈਂਸਰ ਹਸਪਤਾਲ ਮਾਝਾ ਖੇਤਰ ਵਾਸਤੇ ਅੰਮਿਤਸਰ ਅਤੇ ਦੋਆਬਾ ਖੇਤਰ ਵਾਸਤੇ ਜਲੰਧਰ ਵਿਚ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਦੋਵੇਂ ਨਵੇਂ ਕੈਂਸਰ ਹਸਪਤਾਲ ਨਾ ਸਿਰਫ ਸਰਹੱਦੀ ਪੱਟੀ ਤੇ ਦੋਆਬਾ ਖੇਤਰ ਤੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਬੇਹੱਦ ਲੋੜੀਂਦੇ ਹਨ, ਉਥੇ ਹੀ ਇਹ ਹਿਮਾਚਲ ਪ੍ਰਦੇਸ਼ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਉਹਨਾਂ ਕਿਹਾ ਕਿ ਦੋਵੇਂ ਸਹੂਲਤਾਂ ਨੂੰ ਟਾਟਾ ਮੈਮੋਰੀਅਲ ਇੰਸਟੀਚਿਊਟ ਵੱਲੋਂ ਹੋਮੀ ਭਾਬਾ ਇੰਸਟੀਚਿਊਟ ਦੇ ਅਧੀਨ ਚਲਾਇਆ ਜਾਣਾ ਚਾਹੀਦਾ ਹੈ ਅਤੇ ਇਹਨਾਂ ਵਿਚ ਮੁੰਬਈ ਵਿਚਲੇ ਟੀ ਐਮ ਸੀ ਵਰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਸਾਬਕਾ ਮੰਤਰੀ ਨੇ ਮੁਹਾਲੀ ਮੈਡੀਸਿਟੀ ਪ੍ਰਾਜੈਕਟ ਦੇ ਵਿਸਥਾਰ ਦੀ ਵੀ ਮੰਗ ਕੀਤੀ। ਇਹ ਪ੍ਰਾਜੈਕਟ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿਆਰ ਕਰਵਾਇਆ ਸੀ। ਇਹ ਮੈਡੀਸਿਟੀ ਸਥਾਪਿਤ ਕਰਨ ਦਾ ਮਕਸਦ ਮੁਹਾਲੀ ਵਿਚ ਵਿਸ਼ਵ ਪੱਧਰੀ ਮੈਡੀਕਲ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਇਸ ਪ੍ਰਾਜੈਕਟ ਦਾ ਵਿਸਥਾਰ ਕਰ ਕੇ ਮੁਹਾਲੀ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦਾ ਮੈਡੀਕਲ ਹਬ ਬਣਾਉਣਾ ਚਾਹੀਦਾ ਹੈ। ਮਜੀਠੀਆ ਨੇ ਸਿਹਤ ਸੈਕਟਰ ਵਿਚ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਅਨੁਸਾਰ 10 ਹਜ਼ਾਰ ਕਰੋੜ ਰੁਪਏ ਦੇ ਨਿਵਾਸ਼ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਵੇਲੇ ਸਿਹਤ ਸੈਕਟਰ ਹਿੱਲਿਆ ਹੋਇਆ ਹੈ ਤੇ ਆਪ ਸਰਕਾਰ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰਨ ਦੀ ਥਾਂ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਣਾ ਕੇ ਪ੍ਰਾਪੇਗੰਡੇ ਵਿਚ ਲੱਗੀ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਢੁਕਵੀਂਆਂ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਹਨ। ਉਹਨਾਂ ਕਿਹਾ ਕਿ ਇਸ ਵੇਲੇ ਸੁਪਰ ਸਪੈਸ਼ਲਟੀ ਹਸਪਤਾਲਾਂ ਵਿਚ ਨਿਵੇਸ਼ ਦੀ ਲੋੜ ਹੈ ਤੇ 100 ਬੈਡਾਂ ਵਾਲੇ ਅਲਟਰਾ ਮਾਡਰਨ ਹਸਪਤਾਲ ਹਰ ਜ਼ਿਲ੍ਹੇ ਵਿਚ ਬਣਨੇ ਚਾਹੀਦੇ ਹਨ।ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਬਜਾਏ ਇਸ਼ਤਿਹਾਰਾਂ ਤੇ ਝੂਠੇ ਦਾਅਵਿਆਂ ’ਤੇ ਜ਼ੋਰ ਲਾਉਣ ਦੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। -PTC News