ਅਕਾਲੀ ਦਲ ਨੇ ਕਾਂਗਰਸ ਵੱਲੋਂ ਸਿੱਖ ਅਰਦਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ 'ਤੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਚੋਣ ਅਧਿਕਾਰੀ, ਪੰਜਾਬ ਨੂੰ ਪੱਤਰ ਲਿਖ ਕੇ ਕਾਂਗਰਸ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਇਸ਼ਤਿਹਾਰਾਂ ਲਈ ਸਿੱਖ ਅਰਦਾਸ "ਨਾਨਕ ਨਾਮ ਚੜ੍ਹਦੀ ਕਲਾ || ਤੇਰੇ ਭਾਣੇ ਸਰਬੱਤ ਦਾ ਭਲਾ ||" ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ: ਹਾਈਕੋਰਟ ਨੇ ਹਰਿਆਣਾ ਦੇ ਨੌਜਵਾਨਾਂ ਲਈ 75% ਨੌਕਰੀਆਂ ਦੇ ਰਾਖਵੇਂਕਰਨ 'ਤੇ ਲਗਾਈ ਰੋਕ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਿਆ ਹੈ ਅਤੇ ਇਹ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਘੋਰ ਉਲੰਘਣਾ ਹੈ। ਇਸਤੋਂ ਇਲਾਵਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪਣੀ ਪਾਰਟੀ ਦੇ ਇਸ਼ਤਿਹਾਰਾਂ ਵਿੱਚ ਸਰਕਾਰੀ ਇਸ਼ਤਿਹਾਰਾਂ ਦੇ ਵਿਜ਼ੂਅਲ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।
ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਲਿਖਿਆ “ਇਹ ਨੁਮਾਇੰਦਗੀ ਤੁਹਾਡੇ ਧਿਆਨ ਵਿੱਚ ਲਿਆਉਣ ਲਈ ਕੀਤੀ ਜਾ ਰਹੀ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ, ਪੰਜਾਬ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ ਇੱਕ ਸਿਆਸੀ ਇਸ਼ਤਿਹਾਰਬਾਜ਼ੀ ਕਰ ਰਹੀ ਹੈ।
ਅਕਾਲੀ ਦਲ ਨੇ ਕਿਹਾ ਕਿ "ਇਸ ਤਰ੍ਹਾਂ ਕਰਕੇ ਕਾਂਗਰਸ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਸਿੱਖ ਅਰਦਾਸ ਦੀਆਂ ਆਖਰੀ ਪੰਕਤੀਆਂ 'ਨਾਨਕ ਨਾਮ ਚੜ੍ਹਦੀ ਕਲਾ || ਤੇਰੇ ਭਾਣੇ ਸਰਬੱਤ ਦਾ ਭਲਾ ||' ਨੂੰ ਵਿਗਾੜ ਕੇ ਪੇਸ਼ ਕੀਤਾ ਹੈ।"
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸਿੱਖ ਅਰਦਾਸ ਸ਼ਬਦਾਵਲੀ ਨੂੰ "ਵਿਗਾੜਿਆ" ਹੈ ਅਤੇ ਕਈ ਥਾਵਾਂ 'ਤੇ ਆਪਣੇ ਹੋਰਡਿੰਗਾਂ ਅਤੇ ਬੋਰਡਾਂ 'ਤੇ ਇਤਰਾਜ਼ਯੋਗ ਸਮੱਗਰੀ ਲਗਾਈ ਹੈ ਅਤੇ ਆਪਣੇ ਪੰਜਾਬ ਕਾਂਗਰਸ ਟਵਿੱਟਰ ਹੈਂਡਲ 'ਤੇ ਵੀ ਪੋਸਟ ਕੀਤੀ ਹੈ।
ਅਕਾਲੀ ਦਲ ਨੇ ਕਿਹਾ ਕਿ ਸਿੱਖ ਅਰਦਾਸ ਦੇ ਇਹ ਸ਼ਬਦ ਹਰ ਸਿੱਖ ਦੇ ਹਿਰਦੇ ਵਿੱਚ ਵਸੇ ਹੋਏ ਹਨ ਜਦਕਿ ਕਾਂਗਰਸ ਨੇ ਇਨ੍ਹਾਂ ਨੂੰ ਬਦਲ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ "ਇਹ ਆਦਰਸ਼ ਚੋਣ ਜ਼ਾਬਤੇ ਅਤੇ ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਘੋਰ ਉਲੰਘਣਾ ਹੈ, ਜਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਆਪਣੇ ਸਿਆਸੀ ਪ੍ਰਚਾਰ ਲਈ ਧਾਰਮਿਕ ਚਿੰਨ੍ਹ ਜਾਂ ਕਿਸੇ ਵੀ ਧਾਰਮਿਕ ਅਰਥ ਦੀ ਵਰਤੋਂ ਨਹੀਂ ਕਰ ਸਕਦੀ।"
ਇਹ ਵੀ ਪੜ੍ਹੋ: ਭਲਕੇ ਨਵਜੋਤ ਸਿੰਘ ਸਿੱਧੂ ਦੇ ਰੋਡ ਰੇਜ ਮਾਮਲੇ ਦੀ ਸੁਣਵਾਈ ਕਰੇਗੀ SC
ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਕਾਂਗਰਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਤਰਾਜ਼ਯੋਗ ਸਮੱਗਰੀ ਵਾਲੇ ਇਸ ਦੇ ਸਾਰੇ ਹੋਰਡਿੰਗ ਅਤੇ ਬੋਰਡ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।
-PTC News