ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਗੁਰਦਆਰੇ, ਮਸਤੂਆਣਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮ
ਸੰਗਰੂਰ, 24 ਅਗਸਤ: ਬੀਤੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੇ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਜਿੱਥੇ ਕਈ ਮਾਮਲਿਆਂ ਵਿਚ ਦੋਸ਼ੀਆਂ ਨੂੰ ਹੁਣ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ ਉਥੇ ਹੀ ਕਈ ਮਾਮਲਿਆਂ ਵਿਚ ਫੜੇ ਗਏ ਦੋਸ਼ੀਆਂ ਨੂੰ ਹੁਣ ਤੱਕ ਕੋਈ ਸਜ਼ਾ ਨਹੀਂ ਮਿਲੀ ਹੈ। ਇਸ ਕੜੀ ਵਿਚ ਅੱਜ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਗੁਰਦੁਆਰੇ, ਮਸਤੂਆਣਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸਮਾਂ ਰਹਿੰਦੇ ਸੇਵਾਦਾਰਾਂ ਦੀ ਫੁਰਤੀ ਕਰਕੇ ਨਾਕਾਮ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਘਟਨਾ ਸਵੇਰੇ 5 ਵਜੇ ਦੀ ਹੈ ਜਦੋਂ ਇੱਕ ਸ਼ਖ਼ਸ ਮੱਥਾ ਟੇਕਣ ਦੇ ਬਹਾਨੇ ਗੁਰੂ ਘਰ 'ਚ ਵੜਿਆ ਪਰ ਉਸਦੇ ਚਾਲ ਚਲਣ ਨੂੰ ਵੇਖ ਸੇਵਾਦਾਰਾਂ ਨੂੰ ਪਹਿਲਾਂ ਹੀ ਉਸਤੇ ਸ਼ੱਕ ਹੋ ਗਿਆ। ਸੇਵਾਦਾਰਾਂ ਮੁਤਾਬਕ ਇਹ ਸ਼ਖ਼ਸ ਸਿਧੇ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਪਹੁੰਚ ਗਿਆ ਅਤੇ ਜਿਵੇਂ ਹੀ ਉਸਨੇ ਪ੍ਰਕਾਸ਼ ਅਸਥਾਨ ਦੇ ਆਲੇ ਦੁਆਲੇ ਲੱਗੇ ਜੰਗਲੇ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਸੇਵਾਦਾਰਾਂ ਨੇ ਉਸਨੂੰ ਮੌਕੇ 'ਤੇ ਹੀ ਦਬੋਚ ਲਿਆ। ਹਾਲੇ ਤੱਕ ਉੱਕਤ ਵਿਅਕਤੀ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਕੀ ਇਰਾਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰ ਕੇ ਜਲਦੀ ਹੀ ਇਸ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ। ਪਰ ਸਿੱਖ ਸੇਵਾਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਪੁਲਿਸ ਕਾਰਵਾਈ ਨਹੀਂ ਚਾਹੁੰਦੇ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਬੇਅਦਬੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਹੁਣ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਦਾ ਕਹਿਣਾ ਕਿ ਕੋਈ ਪੁਲਿਸ ਜਾਂ ਵਕੀਲ ਨਹੀਂ ਚਾਹੀਦਾ ਅਤੇ ਉਹ ਖ਼ੁਦ ਇਨਸਾਫ਼ ਕਰਨਗੇ। ਬੇਅਦਬੀ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਉਪਰੰਤ ਸੇਵਾਦਾਰਾਂ ਨੇ ਦੋਸ਼ੀ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਫਿਲਹਾਲ ਫੜਿਆ ਗਿਆ ਸ਼ਖ਼ਸ ਗੱਲਬਾਤ ਕਰਨ ਦੀ ਹਾਲਤ ਵਿਚ ਨਹੀਂ ਹੈ ਅਤੇ ਸੰਗਰੂਰ ਪੁਲਿਸ ਵੱਲੋਂ ਭਾਰੀ ਤਾਦਾਦ ਵਿਚ ਪੁਲਿਸ ਬੱਲ ਨੂੰ ਗੁਰੁਦਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਤਾਂ ਜੋ ਕਿਸੀ ਵੀ ਤਰ੍ਹਾਂ ਦੀ ਸਥਿਤੀ ਨੂੰ ਸੰਭਾਲਿਆ ਜਾ ਸਕੇ। -PTC News