Russia-Ukraine war: ਰੂਸ ਤੇ ਯੂਕਰੇਨ ਦੌਰਾਨ ਚੱਲ ਰਹੀ ਜੰਗ ਦਾ ਅਸਰ ਹੁਣ ਸਾਫ਼ ਤੌਰ 'ਤੇ ਬਾਜ਼ਾਰਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ । ਭਾਰਤੀ ਬਾਜ਼ਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਖੇਤੀ ਸੈਕਟਰ ਦੇ ਵਿੱਚ ਇਸ ਦਾ ਅਸਰ ਸਾਫ ਤੌਰ 'ਤੇ ਨਜ਼ਰ ਆ ਰਿਹਾ ਹੈ। ਅਬੋਹਰ ਦੀ ਨਰਮਾ ਮੰਡੀ ਵਿੱਚ ਨਰਮੇ ਦੇ ਭਾਅ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਕੁਝ ਦਿਨ ਪਹਿਲਾਂ ਜਿੱਥੇ ਨਰਮੇ ਦਾ ਭਾਅ 10400 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਸੀ ਉੱਥੇ ਹੀ ਅੱਜ ਉਸੇ ਨਰਮੇ ਦਾ ਭਾਅ ਡਿੱਗ ਕੇ ਕਰੀਬ 9700 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਜ਼ਬੂਰੀ ਹੈ ਕਿ ਉਹ ਨਰਮਾ ਮੰਡੀ ਦੇ ਵਿੱਚ ਵਿਕਰੀ ਲਈ ਲੈ ਕੇ ਆਉਣ ਪਰ ਡਿੱਗਦੇ ਭਾਅ ਕਰਕੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਜ਼ਰੂਰ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੇ ਭਾਅ ਵਿੱਚ ਆਈ ਗਿਰਾਵਟ ਦਾ ਕਾਰਨ ਰੂਸ ਤੇ ਯੂਕਰੇਨ ਦੌਰਾਨ ਚੱਲ ਰਹੀ ਜੰਗ ਹੀ ਹੋ ਸਕਦੀ ਹੈ। ਉੱਥੇ ਹੀ ਕੁਝ ਕਿਸਾਨਾਂ ਨੇ ਕਿਹਾ ਕਿ ਰੂਸ ਤੇ ਯੂਕਰੇਨ ਦੌਰਾਨ ਚੱਲ ਰਹੀ ਜੰਗ ਦਾ ਸਹਾਰਾ ਲੈ ਕੇ ਨਰਮੇ ਦੀ ਖ਼ਰੀਦ ਕਰਨ ਵਾਲੇ ਵਪਾਰੀ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਦੋ ਦਿਨ ਪਹਿਲਾਂ ਉਨ੍ਹਾਂ ਵੱਲੋਂ ਵੇਚਿਆ ਗਿਆ ਨਰਮੇ ਦਾ ਭਾਅ ਕਰੀਬ 10000 ਸੀ ਪਰ ਉਸ ਦੌਰਾਨ ਵੀ ਜੰਗ ਜਾਰੀ ਸੀ ਅਤੇ ਜੰਗ ਤਾਂ ਅੱਜ ਵੀ ਜਾਰੀ ਹੈ।
ਪੈੜੀਵਾਲ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਨਰਮੇ ਦੇ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਨਰਮੇ ਤੋਂ ਤਿਆਰ ਧਾਗੇ ਜਿਹੀਆਂ ਚੀਜ਼ਾਂ ਸਟੋਰ ਹੋ ਕੇ ਰਹਿ ਗਈਆਂ ਹਨ ਤੇ ਇਸ ਦੀ ਲਾਗਤ ਘਟ ਗਈ ਹੈ । ਇਸ ਦਾ ਕਾਰਨ ਰੂਸ ਤੇ ਯੂਕਰੇਨ ਦੌਰਾਨ ਚੱਲ ਰਹੀ ਜੰਗ ਹੀ ਹੈ ਜਿਸਦੇ ਕਰਕੇ ਪੂਰੇ ਵਿਸ਼ਵ ਦੇ ਬਾਜ਼ਾਰ ਦੇ ਵਿੱਚ ਆਰਥਿਕ ਮੰਦੀ ਦਰਜ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿਚ ਇਹ ਆਰਥਿਕ ਮੰਦੀ ਹੋਰ ਵਧ ਸਕਦੀ ਹੈ।
ਉਧਰ ਅਬੋਹਰ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਨਰਮੇ ਦੇ ਭਾਅ ਵਿੱਚ ਉਤਾਰ ਚੜ੍ਹਾਵ ਦਾ ਕਾਰਨ ਰੂਸ ਯੂਕਰੇਨ ਯੁੱਧ ਹੈ ਜਿਸ ਕਰਕੇ ਅੰਤਰਰਾਸ਼ਟਰੀ ਬਾਜ਼ਾਰ 'ਚ ਮੰਦੀ ਦਰਜ ਕੀਤੀ ਜਾ ਰਹੀ ਹੈ।