Wed, Nov 13, 2024
Whatsapp

ਨੌਜਵਾਨ ਖਿਡਾਰੀਆਂ ਲਈ "ਪੇਂਡੂ ਓਲੰਪਿਕ ਖੇਡਾਂ" ਹੋਣਗੀਆਂ ਸਹਾਈ ਸਿੱਧ: ਬਾਬੂ ਸਿੰਘ ਰਤਨ

Reported by:  PTC News Desk  Edited by:  Jasmeet Singh -- August 26th 2022 05:41 PM
ਨੌਜਵਾਨ ਖਿਡਾਰੀਆਂ ਲਈ

ਨੌਜਵਾਨ ਖਿਡਾਰੀਆਂ ਲਈ "ਪੇਂਡੂ ਓਲੰਪਿਕ ਖੇਡਾਂ" ਹੋਣਗੀਆਂ ਸਹਾਈ ਸਿੱਧ: ਬਾਬੂ ਸਿੰਘ ਰਤਨ

ਬਠਿੰਡਾ, 26 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਹੁਲਾਰਾ ਦੇਣ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਬਠਿੰਡਾ ਵਿਖੇ ਕਰਵਾਈਆਂ ਜਾ ਰਹੀਆਂ "ਪੇਂਡੂ ਓਲੰਪਿਕ ਖੇਡਾਂ 2022" ਨੌਜਵਾਨ ਖਿਡਾਰੀਆਂ ਲਈ ਬਹੁਤ ਹੀ ਸਹਾਈ ਸਿੱਧ ਹੋਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸੇਵਾ ਮੁਕਤ ਆਈਆਰਐਸ ਅਧਿਕਾਰੀ ਬਾਬੂ ਸਿੰਘ ਰਤਨ ਨੇ ਸਥਾਨਕ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਰੰਗ-ਬਿਰੰਗੇ ਗੁਬਾਰੇ ਛੱਡ ਕੇ "ਪੇਂਡੂ ਓਲੰਪਿਕ ਖੇਡਾਂ" ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਸੇਵਾ ਮੁਕਤ ਆਈਆਰਐਸ ਅਧਿਕਾਰੀ ਬਾਬੂ ਸਿੰਘ ਰਤਨ ਨੇ ਮੌਜੂਦ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਖੇਡਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਮੌਜੂਦ ਸਮੂਹ ਖਿਡਾਰੀ ਅਤੇ ਖਿਡਾਰਣਾਂ ਨੇ ਸਹੁੰ ਚੁਕਦਿਆਂ ਕਿਹਾ ਕਿ ਉਨ੍ਹਾਂ ਵਲੋਂ "ਪੇਂਡੂ ਓਲੰਪਿਕ ਖੇਡਾਂ" ਚ ਬਿਨ੍ਹਾਂ ਕਿਸੇ ਨਸ਼ੇ ਦਾ ਸੇਵਨ ਕੀਤਿਆਂ ਸੱਚੇ ਦਿਲੋਂ ਤੇ ਇਮਾਨਦਾਰੀ ਨਾਲ ਖੇਡਾਂ ਵਿੱਚ ਭਾਗ ਲਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ "ਪੇਂਡੂ ਓਲੰਪਿਕ ਖੇਡਾਂ 2022" ਬਾਰੇ ਜਾਣਕਾਰੀ ਦਿੰਦਿਆਂ ਕਿ ਇਨ੍ਹਾਂ ਖੇਡਾਂ ਪ੍ਰਤੀ ਜ਼ਿਲ੍ਹਾ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਖੇਡਾਂ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਹਨ। ਪਿੰਡ ਪੱਧਰ 'ਤੇ ਇਹ ਖੇਡਾਂ 23 ਅਗਸਤ ਤੱਕ ਕਰਵਾਈਆਂ ਜਾ ਚੁੱਕੀਆਂ ਹਨ ਜਦਕਿ ਬਲਾਕ ਪੱਧਰ ਤੇ ਬਠਿੰਡਾ ਬਲਾਕ ਦੀਆਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਅੱਜ ਤੋਂ ਬਹੁ-ਮੰਤਵੀ ਖੇਡ ਸਟੇਡੀਅਮ ਤੋਂ ਹੋ ਰਹੀ ਹੈ। ਜਿਸ ਵਿੱਚ 32 ਪਿੰਡਾਂ ਦੇ 500 ਖਿਡਾਰੀ ਅਤੇ ਖਿਡਾਰਨਾਂ ਭਾਗ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜ਼ਿਲ੍ਹੇ ਦੇ ਸਾਰੇ 9 ਬਲਾਕਾਂ ਦੀਆਂ ਬਲਾਕ ਪੱਧਰੀ ਖੇਡਾਂ 31 ਅਗਸਤ ਤੱਕ ਚੱਲਣਗੀਆਂ। ਇਸ ਉਪਰੰਤ ਜ਼ਿਲ੍ਹਾ ਪੱਧਰੀ "ਪੇਂਡੂ ਓਲੰਪਿਕ ਖੇਡਾਂ 2022" 27 ਸਤੰਬਰ ਤੋਂ 2 ਅਕਤੂਬਰ ਤੱਕ ਹੋਣਗੀਆਂ ਜਿਸ ਵਿੱਚ ਜੇਤੂ ਰਹੀਆਂ ਬਲਾਕ ਪੱਧਰੀ ਟੀਮਾਂ ਭਾਗ ਲੈਣਗੀਆਂ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੋਨਿਆਣਾ ਬਲਾਕ ਦੀਆਂ ਖੇਡਾਂ 29 ਤੋਂ 30 ਅਗਸਤ ਤੱਕ ਹੋਣਗੀਆਂ। ਜਿਸ ਦੌਰਾਨ ਵਾਲੀਬਾਲ, ਰੱਸਾ-ਕੱਸੀ, ਫੁੱਟਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਤੇ ਹਾਕੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੋਨਿਆਣਾ ਮੰਡੀ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਬਲਾਕ ਭਗਤਾ ਦੀਆਂ ਖੇਡਾਂ 27, 29 ਅਤੇ 30 ਅਗਸਤ ਤੱਕ ਭਗਤਾ ਭਾਈਕਾ ਵਿਖੇ ਅਤੇ ਫੂਲ ਬਲਾਕ ਦੀਆਂ ਖੇਡਾਂ 26 ਤੇ 27 ਅਗਸਤ ਨੂੰ ਖੇਡ ਸਟੇਡੀਅਮ ਮਹਿਰਾਜ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਹੋਰ ਦੱਸਿਆ ਕਿ ਬਲਾਕ ਮੌੜ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਕਰਵਾਈਆਂ ਜਾਣਗੀਆਂ। ਜਿਸ ਦੌਰਾਨ ਐਥਲੈਕਟਿਕਸ, ਵਾਲੀਵਾਲ, ਰੱਸਾ-ਕੱਸੀ ਦੇ ਮੁਕਾਬਲੇ ਮਾਈਸਰਖ਼ਾਨੇ ਵਿਖੇ ਕਰਵਾਏ ਜਾਣਗੇ ਅਤੇ ਫੁੱਟਬਾਲ ਖੇਡ ਦੇ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੌੜ ਵਿਖੇ ਅਤੇ ਹਾਕੀ ਦੇ ਮੁਕਾਬਲੇ ਸਰਕਾਰੀ ਮਾਡਲ ਸਕੂਲ ਰਾਮਨਗਰ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਬਲਾਕ ਨਥਾਣਾ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਖੇਡ ਸਟੇਡੀਅਮ ਭੁੱਚੋ ਕਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਨਥਾਣਾ ਵਿਖੇ ਅਤੇ ਰਾਮਪੁਰਾ ਬਲਾਕ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਖੇਡ ਸਟੇਡੀਅਮ ਮੰਡੀ ਕਲਾਂ ਵਿਖੇ, ਬਲਾਕ ਸੰਗਤ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਵਿਖੇ ਅਤੇ ਬਲਾਕ ਤਲਵੰਡੀ ਸਾਬੋ ਦੀਆਂ ਖੇਡਾਂ 29 ਤੋਂ 31 ਅਗਸਤ ਤੱਕ ਕਰਵਾਈਆਂ ਜਾਣਗੀਆਂ। ਜਿਸ ਦੌਰਾਨ ਐਥਲੈਕਟਿਸਕ, ਵਾਲੀਬਾਲ, ਰੱਸਾ-ਕੱਸੀ ਦੇ ਮੁਕਾਬਲੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ, ਫੁੱਟਬਾਲ ਦੇ ਮੁਕਾਬਲੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਅਤੇ ਹਾਕੀ ਦੇ ਮੁਕਾਬਲੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਰਵਾਏ ਜਾਣਗੇ। -PTC News


Top News view more...

Latest News view more...

PTC NETWORK