2.5 ਲੱਖ ਰੁਪਏ ਦੀ ਚੋਰੀ ਮਗਰੋਂ ਜਲੰਧਰ ਦੇ ਬਿਜਲੀ ਘਰ 'ਚ ਹੜਕੰਪ
ਜਲੰਧਰ, 18 ਅਕਤੂਬਰ: ਜਲੰਧਰ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਜਲੰਧਰ ਦੇ ਪ੍ਰਤਾਪ ਬਾਗ ਇਲਾਕੇ ਦੇ ਕੋਲ ਪੈਂਦੇ ਸਿਵਲ ਲਾਈਨ ਬਿਜਲੀ ਘਰ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਕੈਸ਼ੀਅਰ ਨਿਤਿਨ ਅਨੁਸਾਰ ਉਹ ਦੁਪਹਿਰ 1:30 ਵਜੇ ਖਾਣਾ ਖਾਣ ਗਿਆ ਸੀ ਅਤੇ ਉਸ ਵੇਲੇ ਉਸਨੇ ਕਮਰੇ ਨੂੰ ਕੁੰਡੀ ਲਾਉਣ ਮਗਰੋਂ ਗੱਲੇ 'ਤੇ ਵੀ ਤਾਲਾ ਜੜ ਦਿੱਤਾ ਸੀ। ਨਿਤਿਨ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਅੰਦਰੋਂ ਦਰਵਾਜ਼ੇ ਦੀ ਕੁੰਡੀ ਲੱਗੀ ਹੋਈ ਸੀ ਪਰ ਗੱਲੇ ਦਾ ਤਾਲਾ ਟੁੱਟਿਆ ਹੋਇਆ ਸੀ। ਜਿਸ ਵਿੱਚੋਂ 2 ਲੱਖ 64 ਹਜ਼ਾਰ ਰੁਪਏ ਗਾਇਬ ਸਨ ਅਤੇ ਗੱਲਾ ਤੋੜਨ ਲਈ ਵਰਤਿਆ ਗਿਆ ਪੇਚਕਸ ਗੱਲੇ ਵਿੱਚ ਹੀ ਪਿਆ ਹੋਇਆ ਸੀ। ਨਿਤਿਨ ਅਨੁਸਾਰ ਇਹ ਘਟਨਾ ਸਰਕਾਰੀ ਦਫ਼ਤਰਾਂ ਵਿੱਚ ਸੁਰੱਖਿਆ ਦੀ ਘਾਟ ਕਾਰਨ ਵਾਪਰੀ ਹੈ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਦੇ ਢਾਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਥਾਣੇ ਆ ਕੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: SGPC ਦੇ ਪ੍ਰਧਾਨ ਨੇ ਜਨਤਕ ਕੀਤੇ ਸਹਾਇਤਾ ਵੇਰਵੇ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਖਿੜਕੀ ਕਿਸ ਨੇ ਖੋਲ੍ਹੀ ਅਤੇ ਪੈਸੇ ਕੌਣ ਲੈ ਗਿਆ। ਜਿੱਥੇ ਪੈਸੇ ਚੋਰੀ ਹੋਏ ਉੱਥੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਿਆ ਹੋਇਆ ਸੀ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਕਿਸੇ ਭੇਤੀ ਦਾ ਹੀ ਕਾਰਨਾਮਾ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। -PTC News