ਰਾਸ਼ਟਰੀ ਰਾਜਮਾਰਗ ਬਣਾਉਣ ਲਈ 1.5 ਕਰੋੜ ਰੁਪਏ ਦੀ ਕੋਠੀ ਨੂੰ ਚੁੱਕ 500 ਫੁੱਟ ਦੂਰ ਤਬਦੀਲ ਕੀਤਾ
ਸੰਗਰੂਰ, 20 ਅਗਸਤ: ਪੰਜਾਬ ਦੇ ਸੰਗਰੂਰ ਦਾ ਇੱਕ ਕਿਸਾਨ ਐਕਸਪ੍ਰੈਸਵੇਅ ਬਣਾਉਣ ਲਈ ਆਪਣਾ ਦੋ ਮੰਜ਼ਿਲਾ ਮਕਾਨ ਮੌਜੂਦਾ ਥਾਂ ਤੋਂ 500 ਫੁੱਟ ਦੂਰ ਤਬਦੀਲ ਕਰ ਰਿਹਾ ਹੈ। ਸੰਗਰੂਰ ਦੇ ਪਿੰਡ ਰੌਸ਼ਨਵਾਲਾ ਵਿੱਚ ਸੁਖਵਿੰਦਰ ਸਿੰਘ ਸੁੱਖੀ ਦਾ ਆਪਣੇ ਖੇਤ ਵਿੱਚ ਬਣਿਆ ਘਰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇ ਰਸਤੇ ਵਿੱਚ ਆ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਐਕਸਪ੍ਰੈਸਵੇਅ ਦਾ ਨਿਰਮਾਣ ਕੇਂਦਰ ਦੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਕੀਤਾ ਜਾ ਰਿਹਾ ਹੈ ਜਿਸਦਾ ਉਦੇਸ਼ ਯਾਤਰੀਆਂ ਦੇ ਯਾਤਰਾ ਦੇ ਸਮੇਂ ਨੂੰ ਘਟਾਉਣਾ ਹੈ। ਇੱਕ ਵਾਰ ਪੂਰਾ ਹੋਣ ਤੋਂ ਬਾਅਦ ਐਕਸਪ੍ਰੈਸਵੇਅ ਹਰਿਆਣਾ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਵਿੱਚੋਂ ਲੰਘੇਗਾ। ਸੁੱਖੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਘਰ ਢਾਹੁਣ ਲਈ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ, ਨੇ ਇਸ ਨੂੰ ਢਾਹੁਣ ਦੀ ਬਜਾਏ ਪੂਰੇ ਘਰ ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕਰਨ ਦਾ ਫੈਸਲਾ ਕੀਤਾ। ਕਿਸਾਨ ਦੇ ਪਿੰਡ ਦੇ ਕੁਝ ਉਸਾਰੀ ਮਜ਼ਦੂਰਾਂ ਦੀ ਮਦਦ ਨਾਲ ਘਰ ਨੂੰ 250 ਫੁੱਟ ਤੱਕ ਪੁੱਟਿਆ ਗਿਆ ਹੈ ਅਤੇ 500 ਫੁੱਟ ਦਾ ਟੀਚਾ ਹਾਸਲ ਕਰਨ ਲਈ ਕੰਮ ਚੱਲ ਰਿਹਾ ਹੈ। ਵੀਡੀਓ ਵਿੱਚ ਕੁਝ ਗੇਅਰ ਦਿਖਾਈ ਦਿੰਦੇ ਨੇ ਜੋ ਪਹੀਏ ਵਰਗੇ ਹਨ, ਘਰ ਨੂੰ ਖੇਤ ਤੋਂ ਦੂਰ ਖਿੱਚਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੁੱਖੀ ਦਾ ਕਹਿਣਾ ਕਿ ਇਸ ਘਰ ਨੂੰ ਬਣਾਉਣ ਵਿੱਚ ਮੈਨੂੰ ਦੋ ਸਾਲ ਅਤੇ 1.5 ਕਰੋੜ ਰੁਪਏ ਲੱਗੇ। ਇਹ ਮੇਰਾ ਸੁਪਨਮਈ ਪ੍ਰੋਜੈਕਟ ਹੈ ਤੇ ਮੈਂ ਕੋਈ ਹੋਰ ਘਰ ਨਹੀਂ ਬਣਾਉਣਾ ਚਾਹੁੰਦਾ ਸੀ। ਇਸ ਲਈ ਮੈਂ ਇਸਨੂੰ ਢਾਹੁਣ ਦੀ ਬਜਾਏ ਇਸ ਪੂਰੇ ਮਕਾਨ ਨੂੰ ਹੀ ਸ਼ਿਫਟ ਕਰਨ ਦਾ ਫੈਸਲਾ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਨੈਸ਼ਨਲ ਹਾਈਵੇ ਇੱਕ ਅਭਿਲਾਸ਼ੀ ਪ੍ਰੋਜੈਕਟ ਹੈ ਜੋ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਦਿੱਲੀ ਤੋਂ ਜੰਮੂ-ਕਸ਼ਮੀਰ ਰਾਹੀਂ ਪੰਜਾਬ ਜਾਣ ਵਾਲੇ ਯਾਤਰੀਆਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬਚਤ ਕਰੇਗਾ। -PTC News