1985 ਦੇ ਏਅਰ ਇੰਡੀਆ ਬੰਬ ਧਮਾਕੇ 'ਚ ਬਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ 'ਚ ਗੋਲੀ ਮਾਰ ਕੇ ਹੱਤਿਆ
ਸਰੀ (ਕੈਨੇਡਾ), 15 ਜੁਲਾਈ: ਖਾਲਸਾ ਕਰੈਡਿਟ ਯੂਨੀਅਨ ਦੇ ਸੰਸਥਾਪਕ ਅਤੇ 1985 ਦੇ ਏਅਰ ਇੰਡੀਆ ਅੱਤਵਾਦੀ ਬੰਬ ਧਮਾਕੇ ਵਿੱਚ ਬਰੀ ਹੋਏ ਸਿੱਖ ਪਰਉਪਕਾਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਾਲ ਹੀ ਵਿੱਚ ਉਨ੍ਹਾਂ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਪੀਐਮ ਮੋਦੀ ਦੁਆਰਾ ਸਿੱਖ ਭਾਈਚਾਰੇ ਪ੍ਰਤੀ ਕੀਤੇ ਗਏ ਯਤਨਾਂ ਦਾ ਸਮਰਥਨ ਵੀ ਕੀਤਾ ਸੀ। ਗੋਲੀਬਾਰੀ ਦੇ ਸਥਾਨ ਤੋਂ ਕੁਝ ਬਲਾਕਾਂ ਦੀ ਦੂਰੀ 'ਤੇ ਇੱਕ ਬਲਦੀ ਹੋਈ ਗੱਡੀ ਵੀ ਮਿਲੀ ਹੈ, ਜੋ ਕਿ ਇੱਕ ਗੈਂਗ ਨਾਲ ਸੰਬੰਧਿਤ ਹੋਣ ਵੱਲ ਸੰਕੇਤ ਕਰਦੀ ਹੈ, ਪਰ ਅਜੇ ਤੱਕ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। ਕਿਸੇ ਹੋਰ ਜਾਨੀ ਨੁਕਸਾਨ ਜਾਂ ਸੱਟ ਦੀ ਵੀ ਕੋਈ ਰਿਪੋਰਟ ਨਹੀਂ ਹੈ। ਮਲਿਕ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਸੀ ਜਿਨ੍ਹਾਂ 'ਤੇ ਏਅਰ ਇੰਡੀਆ ਫਲਾਈਟ 182 ਕਨਿਸ਼ਕ 'ਤੇ ਬੰਬ ਧਮਾਕੇ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਿ ਕੈਨੇਡਾ ਵਿੱਚ ਹੁਣ ਤੱਕ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਹੈ। 23 ਜੂਨ 1985 ਨੂੰ ਆਇਰਲੈਂਡ ਦੇ ਤੱਟ ਤੋਂ ਕੈਨੇਡਾ ਤੋਂ ਏਅਰ ਇੰਡੀਆ ਦੀ ਫਲਾਈਟ 182 "ਕਨਿਸ਼ਕ" ਵਿੱਚ ਇੱਕ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ 329 ਯਾਤਰੀ ਅਤੇ ਚਾਲਕ ਦਲ ਦੀ ਮੌਤ ਹੋ ਗਈ ਸੀ। ਇਸ ਵਿੱਚ ਪੂਰੇ 29 ਪਰਿਵਾਰ ਅਤੇ 12 ਸਾਲ ਤੋਂ ਘੱਟ ਉਮਰ ਦੇ 86 ਬੱਚਿਆਂ ਸਮੇਤ 280 ਤੋਂ ਵੱਧ ਕੈਨੇਡੀਅਨ ਨਾਗਰਿਕ ਸ਼ਾਮਲ ਸਨ। ਇਸ ਤੋਂ ਇਲਾਵਾ ਰਿਪੁਦਮਨ ਮਲਿਕ ਕਥਿਤ ਤੌਰ 'ਤੇ ਪੰਜਾਬ ਵਿਚ ਕਈ ਅੱਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਸੀ ਅਤੇ ਏਅਰ ਇੰਡੀਆ ਬੰਬ ਧਮਾਕੇ ਦੇ ਕਥਿਤ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਦਾ ਨਜ਼ਦੀਕੀ ਸਾਥੀ ਵੀ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਰਿਪੁਦਮਨ ਸਿੰਘ ਮਲਿਕ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮੈਂ ਸਰਦਾਰ ਰਿਪੁਦਮਨ ਸਿੰਘ ਮਲਿਕ ਦੇ ਕੈਨੇਡਾ ਵਿੱਚ ਦੇਹਾਂਤ ‘ਤੇ ਬਹੁਤ ਦੁਖੀ ਹਾਂ। ਨੁਕਸਾਨ ਨਾ ਪੂਰਾ ਹੋਣ ਵਾਲਾ ਹੈ। ਸਰਦਾਰ ਮਲਿਕ ਨੇ ਕਈ ਖਾਲਸਾ ਸਕੂਲ ਚਲਾਏ ਅਤੇ ਕੈਨੇਡਾ ਵਿੱਚ ਮਾਨਵਤਾਵਾਦੀ ਯਤਨਾਂ ਵਿੱਚ ਸਭ ਤੋਂ ਅੱਗੇ ਰਹੇ।” ਉਨ੍ਹਾਂ ਅੱਗੇ ਕਿਹਾ, “ਉਸ ਦੇ ਪਰਿਵਾਰ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਅਧਿਕਾਰੀ ਉਸਦੀ ਹੱਤਿਆ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰਨਗੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਗੇ।” ਇਹ ਵੀ ਪੜ੍ਹੋ: ਸਾਬਕਾ CM ਚੰਨੀ ਮਾਨ ਸਰਕਾਰ ਦੇ ਨਿਸ਼ਾਨੇ ’ਤੇ, 142 ਕਰੋੜ ਦੀ ਗ੍ਰਾਂਟ ਵੰਡਣ ਦੀ ਹੋਵੇਗੀ ਜਾਂਚ ਮਲਿਕ ਨੂੰ 2020 ਵਿੱਚ ਸਿੰਗਲ ਐਂਟਰੀ ਵੀਜ਼ਾ ਅਤੇ ਹਾਲ ਹੀ ਵਿੱਚ 2022 ਵਿੱਚ ਮਲਟੀਪਲ ਵੀਜ਼ਾ ਦਿੱਤਾ ਗਿਆ ਸੀ ਅਤੇ ਮਈ ਦੇ ਮਹੀਨੇ ਵਿੱਚ ਹਾਲ ਹੀ ਵਿੱਚ ਉਨ੍ਹਾਂ ਆਂਧਰਾ ਪ੍ਰਦੇਸ਼, ਦਿੱਲੀ, ਪੰਜਾਬ ਅਤੇ ਮਹਾਰਾਸ਼ਟਰ ਦੀ ਤੀਰਥ ਯਾਤਰਾ ਕੀਤੀ ਸੀ। -PTC News