ਆਰਟੀਆਈ ਤਹਿਤ ਹੋਇਆ ਖ਼ੁਲਾਸਾ, ਪੰਜਾਬ 'ਚ ਸਿਰਫ਼ ਦੋ ਜਾਇਜ਼ ਮਾਇਨਿੰਗ ਖੱਡਾਂ
ਚੰਡੀਗੜ੍ਹ : ਪੰਜਾਬ ਵਿਚ ਮਾਇਨਿੰਗ ਸਬੰਧੀ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਮਿਲਣ ਮਗਰੋਂ ਕਾਫੀ ਹੈਰਾਨੀਜਨਕ ਖ਼ੁਲਾਸੇ ਹੋਏ ਹਨ। ਆਰਟੀਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਪਾਈ ਗਈ ਆਰਟੀਆਈ ਤਹਿਤ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 1 ਜੁਲਾਈ 2020 ਤੋਂ ਪੰਜਾਬ ਵਿਚ ਮਾਇਨਿੰਗ ਲਈ ਸਿਰਫ਼ ਦੋ ਜਾਇਜ਼ ਖੱਡਾਂ ਚੱਲ ਰਹੀਆਂ ਹਨ। ਇਕ ਖੱਡ ਬਲੀਏਵਾਲ ਅਤੇ ਦੂਜੀ ਖਾਸੀ ਕਲਾਂ ਵਿਚ ਹਨ। ਇਹ ਦੋਵੇਂ ਖੱਡਾਂ ਲੁਧਿਆਣੇ ਜ਼ਿਲ੍ਹੇ ਵਿਚ ਹਨ। ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ 'ਚ ਚੱਲ ਰਹੀਆਂ ਅਣਗਿਣਤ ਖੱਡਾਂ ਕੀ ਨਾਜਾਇਜ਼ ਹਨ? ਖ਼ਬਰਾਂ ਅਨੁਸਾਰ ਆਨੰਦਪੁਰ, ਰੋਪੜ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ ਤੇ ਹੋਰ ਪੰਜਾਬ ਦੇ ਇਲਾਕਿਆਂ ਵਿਚ ਧੜਾਧੜ ਮਾਇਨਿੰਗ ਚੱਲ ਰਹੀ ਹੈ। ਮਾਨਿਕ ਗੋਇਲ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕਰਕੇ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਹੈ ਕਿ ਜੇ ਲੀਗਲ ਖੱਡਾਂ ਸਿਰਫ਼ ਦੋ ਹਨ ਤਾਂ ਬਾਕੀ ਖੱਡਾਂ ਕਿਸ ਦੇ ਇਸ਼ਾਰੇ ਉਤੇ ਚੱਲ ਰਹੀਆਂ ਹਨ ਤੇ ਪੰਜਾਬ ਦਾ ਰੇਤਾ ਲੁੱਟਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਹੱਦੀ ਖੇਤਰਾਂ 'ਚ ਹਰ ਤਰ੍ਹਾਂ ਦੀ ਮਾਇਨਿੰਗ ਉਪਰ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਮਾਇਨਿੰਗ ਉਪਰ ਰੋਕ ਰਹੇਗੀ, ਚਾਹੇ ਇਹ ਜਾਇਜ਼ ਹੋਵੇ ਜਾਂ ਫਿਰ ਨਾਜਾਇਜ਼ ਹੋਵੇ। ਕੋਰਟ ਨੇ ਕਿਹਾ ਕਿ ਮਾਇਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੈ। ਕੋਰਟ ਦੇ ਹੁਕਮਾਂ ਮਗਰੋਂ ਪਠਾਨਕੋਟ ਤੇ ਗੁਰਦਾਸਪੁਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਹਰ ਤਰ੍ਹਾਂ ਦੀ ਮਾਇਨਿੰਗ ਉਤੇ ਰੋਕ ਰਹੇਗੀ। ਸਰਹੱਦੀ ਖੇਤਰਾਂ ਵਿੱਚ ਦਿਨ-ਰਾਤ ਚੱਲਣ ਵਾਲੀ ਮਾਇਨਿੰਗ ਨੂੰ ਲੈ ਕੇ ਬੀਐਸਐਫ ਨੇ ਵੀ ਚਿੰਤਾ ਪ੍ਰਗਟਾਈ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਇਨਿੰਗ ਕਾਰਨ ਡਿੱਗੇ ਪਠਾਨਕੋਰਟ ਚੱਕੀ ਦਰਿਆ ਦੇ ਬਣੇ ਰੇਲਵੇ ਪੁਲ ਉਤੇ ਵੀ ਚਰਚਾ ਕੀਤੀ ਹੈ। -PTC News ਇਹ ਵੀ ਪੜ੍ਹੋ : ਭਾਕਿਯੂ ਵੱਲੋਂ 'ਆਪ' ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ ਰੇਲਾਂ ਰੋਕਣ ਦਾ ਫ਼ੈਸਲਾ