ਰੈਸਟੋਰੈਂਟ 'ਤੇ ਫਾਇਰਿੰਗ, ਮਾਲਕ ਨੇ ਬਿਸ਼ਨੋਈ 'ਤੇ ਫਿਰੌਤੀ ਮੰਗਣ ਦੇ ਲਾਏ ਦੋਸ਼
ਮੋਹਾਲੀ : ਅੱਜ ਮੋਹਾਲੀ ਦੇ ਸੈਕਟਰ-80 ਇੱਕ ਰੈਸਟੋਰੈਂਟ ਉਤੇ ਫਾਇਰਿੰਗ ਦੀ ਵਾਰਦਾਤ ਵਾਪਰੀ। ਇਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਉਤੇ ਫਿਰੌਤੀ ਮੰਗਣ ਦੇ ਦੋਸ਼ ਲਗਾਏ ਗਏ ਹਨ। ਹੋਟਲ ਮਾਲਕ ਨੇ ਕਿਹਾ ਕਿ ਬਿਸ਼ਨੋਈ ਦੇ ਗੁਰਗੇ ਉਸ ਕੋਲੋਂ 40 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਹਨ। ਫਾਇਰਿੰਗ ਦੀ ਵਾਰਦਾਤ ਵਾਪਰਨ ਤੋਂ ਬਾਅਦ ਮੌਕੇ ਉਤੇ ਪੁਲਿਸ ਪੁੱਜ ਗਈ ਤੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਰੈਸਟੋਰੈਂਟ ਦੇ ਮਾਲਕ ਨੇ ਆਮ ਆਦਮੀ ਪਾਰਟੀ ਦੇ ਸੰਭਾਵੀ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮੋਹਾਲੀ ਦੇ ਸੈਕਟਰ-80 ਦੇ ਇੱਕ ਰੈਸਟੋਰੈਂਟ ਉਤੇ ਨੌਜਵਾਨਾਂ ਨੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੀਸੀਟੀਵੀ ਵਿੱਚ ਕੈਦ ਵਾਰਦਾਤ ਦੌਰਾਨ ਪਤਾ ਲੱਗਾ ਹੈ ਕਿ ਦੋ ਨੌਜਵਾਨ ਗੱਡੀ ਵਿੱਚ ਸਵਾਰ ਹੋ ਕੇ ਰੈਸਟੋਰੈਂਟ ਦੇ ਬਾਹਰ ਫਾਇਰਿੰਗ ਕਰਦੇ ਹਨ ਤੇ ਲੋਕ ਡਰ ਕੇ ਅੰਦਰ ਚਲੇ ਜਾਂਦੇ ਹਨ। ਇਸ ਤੋਂ ਬਾਅਦ ਨੌਜਵਾਨ ਫਾਇਰਿੰਗ ਕਰ ਕੇ ਫ਼ਰਾਰ ਹੋ ਜਾਂਦੇ ਹਨ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਬਾਅਦ ਹੋਟਲ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਉਸ ਕੋਲੋਂ 40 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਹਨ ਤੇ ਕੁਝ ਸਮੇਂ ਤੋਂ ਉਸ ਨੂੰ ਧਮਕੀਆਂ ਵੀ ਦੇ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਤੇ ਉਸ ਦੇ ਜਾਨ ਤੇ ਮਾਲ ਨੂੰ ਸੁਰੱਖਿਆ ਦੇਣ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਇਰਿੰਗ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਇਸ ਮਾਮਲੇ ਸਬੰਧੀ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ : ਲੁਟੇਰਿਆਂ ਨੇ ਐਸਬੀਆਈ ਦਾ ਏਟੀਐਮ ਤੋੜ ਕੇ 23 ਲੱਖ ਰੁਪਏ ਲੁੱਟੇ