ਚੀਨ ਜਾ ਰਹੇ ਈਰਾਨੀ ਯਾਤਰੀ ਜਹਾਜ਼ 'ਚ ਬੰਬ ਦੀ ਖ਼ਬਰ, ਦਿੱਲੀ-ਜੈਪੁਰ 'ਚ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ
ਨਵੀਂ ਦਿੱਲੀ, 3 ਅਕਤੂਬਰ: ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਈਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਹਾਜ਼ 'ਚ ਬੰਬ ਹੋਣ ਦੀ ਖ਼ਬਰ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ। ਯਾਤਰੀ ਜਹਾਜ਼ ਹੁਣ ਚੀਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਨੂੰ ਜਹਾਜ਼ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਏਅਰ ਟ੍ਰੈਫਿਕ ਕੰਟਰੋਲ ਦੇ ਸੂਤਰਾਂ ਅਨੁਸਾਰ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾਂਦੇ ਸਮੇਂ ਮਹਾਨ ਏਅਰ ਨੇ ਦਿੱਲੀ ਹਵਾਈ ਅੱਡੇ ਦੇ ਏਟੀਸੀ ਨਾਲ ਸੰਪਰਕ ਕੀਤਾ ਅਤੇ ਦਿੱਲੀ ਵਿੱਚ ਤੁਰੰਤ ਲੈਂਡਿੰਗ ਦੀ ਇਜਾਜ਼ਤ ਮੰਗੀ। ਦਿੱਲੀ ਏਟੀਸੀ ਨੇ ਜਹਾਜ਼ ਨੂੰ ਜੈਪੁਰ ਜਾਣ ਦਾ ਸੁਝਾਅ ਦਿੱਤਾ। ਪਰ ਜਹਾਜ਼ ਦੇ ਪਾਇਲਟ ਨੇ ਇਨਕਾਰ ਕਰ ਦਿੱਤਾ ਅਤੇ ਭਾਰਤੀ ਹਵਾਈ ਖੇਤਰ ਛੱਡ ਦਿੱਤਾ ਹੈ। ਸੂਤਰਾਂ ਮੁਤਾਬਕ ਦਿੱਲੀ 'ਚ ਸੁਰੱਖਿਆ ਏਜੰਸੀਆਂ ਨੂੰ ਜਹਾਜ਼ 'ਚ ਬੰਬ ਹੋਣ ਦੀ ਸੰਭਾਵਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੌਰਨ ਅਲਰਟ ਜਾਰੀ ਕਰ ਦਿੱਤਾ ਗਿਆ ਪਰ ਜਹਾਜ਼ ਨੂੰ ਦਿੱਲੀ 'ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਵੀ ਕਿਹਾ ਗਿਆ ਕਿ ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਈਰਾਨੀ ਯਾਤਰੀ ਜਹਾਜ਼ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇੱਥੇ ਦਸਣਾ ਬਣਦਾ ਕਿ ਈਰਾਨ ਦੇ ਯਾਤਰੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਖ਼ਬਰ ਮਿਲਣ ਤੋਂ ਬਾਅਦ ਇਹ ਦਿੱਲੀ ਹਵਾਈ ਖੇਤਰ ਵੱਲ ਵਧ ਰਿਹਾ ਸੀ। ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ, ਜਹਾਜ਼ ਨੇ ਭਾਰਤੀ ਹਵਾਈ ਆਵਾਜਾਈ ਕੰਟਰੋਲ ਨੂੰ ਬੰਬ ਅਲਰਟ ਭੇਜਿਆ। ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ ਜੈਪੁਰ ਏਅਰਬੇਸ ਤੋਂ ਭਾਰਤੀ ਹਵਾਈ ਸੈਨਾ ਦੇ Su-30 MKI ਲੜਾਕੂ ਜਹਾਜ਼ ਯਾਤਰੀ ਜਹਾਜ਼ ਨੂੰ ਰੋਕਣ ਲਈ ਭੇਜੇ ਗਏ ਸਨ। ਇਹ ਵੀ ਪੜ੍ਹੋ: ਪੰਜਾਬੀ ਗਾਇਕ ਅਲਫਾਜ਼ 'ਤੇ ਹੋਏ ਹਮਲੇ ਦੀ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਨਿੰਦਾ ਹਾਲਾਂਕਿ ਹੁਣ ਯਾਤਰੀਆਂ ਨਾਲ ਭਰਿਆ ਜਹਾਜ਼ ਚੀਨ ਵੱਲ ਜਾ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਭਾਰਤੀ ਹਵਾਈ ਸੈਨਾ ਨੇ ਪੁਸ਼ਟੀ ਕੀਤੀ ਕਿ ਬੰਬ ਦੀ ਧਮਕੀ ਲੈ ਕੇ ਚੀਨ ਜਾ ਰਹੀ ਮਹਾਨ ਏਅਰ ਫਲਾਈਟ ਹੁਣ ਭਾਰਤੀ ਹਵਾਈ ਖੇਤਰ ਤੋਂ ਬਾਹਰ ਹੈ। -PTC News