ਪਾਵਰਕਾਮ ਨੂੰ ਰਾਹਤ ; ਮੌਸਮ 'ਚ ਮਾਮੂਲੀ ਤਬਦੀਲੀ ਨਾਲ ਬਿਜਲੀ ਦੀ ਮੰਗ ਘਟੀ
ਪਟਿਆਲਾ : ਪੰਜਾਬ ਵਿੱਚ ਕਿਸੇ-ਕਿਸੇ ਜ਼ਿਲ੍ਹੇ ਵਿੱਚ ਮੀਂਹ ਪੈਣ ਨਾਲ ਲੋਕਾਂ ਦੇ ਨਾਲ-ਨਾਲ ਪਾਰਵਰਕਾਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਮੌਸਮ ਵਿੱਚ ਮਾਮੂਲੀ ਤਬਦੀਲੀ ਕਾਰਨ ਬਿਜਲੀ ਦੀ ਮੰਗ ਘੱਟ ਗਈ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ ਵਿੱਚ 1800 ਮੈਗਾਵਾਟ ਦੀ ਕਮੀ ਆਈ ਹੈ। ਅੱਜ ਸਵੇਰੇ ਮੰਗ 8800 MW ਦਰਜ ਕੀਤੀ ਗਈ ਹੈ। ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਮੁੜ ਚੱਲ ਪਿਆ ਹੈ। ਪੰਜਾਬ ਵਿੱਚ ਅਜੇ ਵੀ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚ 5 ਯੂਨਿਟ ਬੰਦ ਹਨ। ਲਹਿਰਾ ਮੁਹੱਬਤ ਦੇ ਤਿੰਨ ਯੂਨਿਟ, ਰੋਪੜ ਦਾ ਇਕ ਯੂਨਿਟ ਅਤੇ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ ਬੰਦ ਹਨ। ਕਾਬਿਲੇਗੌਰ ਹੈ ਕਿ ਬਿਜਲੀ ਦੀ ਮੰਗ ਵੱਧਣ ਕਾਰਨ ਲੰਮੇ-ਲੰਮੇ ਕੱਟ ਲੱਗਣ ਲੱਗ ਪਏ ਸਨ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ। ਥਰਮਲ ਪਲਾਂਟਾਂ ਉਤੇ ਕਾਫੀ ਬੋਝ ਵੱਧ ਗਿਆ ਅਤੇ ਕਈ ਯੂਨਿਟ ਬੰਦ ਹੋ ਰਹੇ ਸਨ। ਪੰਜਾਬ ਦੇ ਇਕ ਥਰਮਲ ਪਲਾਂਟ ਵਿੱਚ ਵੱਡਾ ਧਮਾਕਾ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਸੀ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਗਰਮੀ ਵੱਧ ਰਹੀ ਸੀ। ਗਰਮੀ ਵੱਧਣ ਨਾਲ ਬਿਜਲੀ ਦੀ ਮੰਗ ਵੀ ਵਧੀ ਸੀ। ਪੰਜਾਬ ਵਿੱਚ ਬਿਜਲੀ ਦੀ ਮੰਗ 11000 ਮੈਗਾਵਾਟ ਤੋਂ ਵੱਧ ਰਹੀ ਸੀ। ਬਿਜਲੀ ਦੀ ਘਾਟ ਹੋਣ ਕਾਰਨ ਪਾਵਰਕਾਮ ਵੱਲੋਂ 3-6 ਘੰਟਿਆਂ ਤੱਕ ਬਿਜਲੀ ਦੇ ਕੱਟ ਲਗਾਏ ਜਾਂਦੇ ਸਨ। ਬਿਜਲੀ ਬੋਰਡ ਵੱਲੋਂ ਬਿਜਲੀ ਬਚਾਓ ਮੁਹਿੰਮ ਤਹਿਤ ਏਅਰਕੰਡੀਸ਼ਨ ਦੇ ਟੈਂਪਰੇਚਰ 26 ਡਿਗਰੀ ਤੋਂ ਉਪਰ ਰੱਖਣ ਦੀ ਅਪੀਲ ਕੀਤੀ ਸੀ। ਪਾਵਰਕਾਮ ਵੱਲੋਂ ਪੰਜਾਬ ਦੀਆਂ ਸਨਅਤਾਂ ਨੂੰ ਅਪੀਲ ਕੀਤੀ ਸੀ ਕਿ ਉਹ ਹਫਤੇ ਵਿੱਚ ਰੱਖਣ ਵਾਲਾ ਇਕ ਆਫ ਐਤਵਾਰ ਨੂੰ ਨਾ ਰੱਖਣ ਸਗੋਂ ਜ਼ਿਲ੍ਹੇ ਅਨੁਸਾਰ ਵੰਡ ਕੇ ਰੱਖਣ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਫਾਲਤੂ ਬਿਜਲੀ ਨਾ ਵਰਤੀ ਜਾਵੇ। ਇਹ ਵੀ ਪੜ੍ਹੋ : ਰਾਜੀਵ ਗਾਂਧੀ ਹੱਤਿਆ ਮਾਮਲਾ ; ਸਜ਼ਾਯਾਫਤਾ ਏਜੀ ਪੇਰਾਰੀਵਲਨ ਨੂੰ ਰਿਹਾਅ ਕਰਨ ਦੇ ਹੁਕਮ