ਸੂਬਿਆਂ 'ਚ ਭਾਰੀ ਮੀਂਹ ਕਰਕੇ ਹਾਲਾਤ ਖਰਾਬ, ਕੇਰਲ ਦੇ 10 ਡੈਮਾਂ ਲਈ ਰੈੱਡ ਅਲਰਟ ਜਾਰੀ
Kerala Red alert : ਕੇਰਲ ਵਿਚ ਭਾਰੀ ਮੀਂਹ ਕਾਰਨ ਹਾਲਾਤ ਬੇਹੱਦ ਖਰਾਬ ਹੋ ਰਹੇ ਹਨ। ਇਸ ਦੇ ਚਲਦੇ ਨਦੀਆਂ ਅਤੇ ਤਲਾਬਾਂ ਦੇ ਪਾਣੀ ਦਾ ਪੱਧਰ ਵਧਣ ਕਾਰਨ 10 ਡੈਮਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਖ਼ਤਰੇ ਦੇ ਮੱਦੇਨਜ਼ਰ, ਕਾਕੀ ਡੈਮ ਦੇ ਦੋ ਸ਼ਟਰ ਖੋਲ੍ਹੇ ਗਏ ਹਨ। ਰਾਜ ਸਰਕਾਰ ਨੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ਕਾਰਨ ਸਬਰੀਮਾਲਾ ਵਿਖੇ ਭਗਵਾਨ ਅਯੱਪਾ ਮੰਦਰ ਨੂੰ ਫਿਲਹਾਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਪੰਪਾ ਨਦੀ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਕੱਢਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਵੇਲੇ ਜ਼ਿਲ੍ਹੇ ਵਿੱਚ 83 ਕੈਂਪ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 2,000 ਤੋਂ ਵੱਧ ਲੋਕ ਠਹਿਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਿਨ੍ਹਾਂ 10 ਡੈਮਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪਠਾਨਾਮਥਿੱਟਾ, ਇਡੁੱਕੀ ਅਤੇ ਤ੍ਰਿਸ਼ੂਰ ਜ਼ਿਲ੍ਹਿਆਂ ਵਿਚ ਸਥਿਤ ਹਨ, ਜਿਨ੍ਹਾਂ ਵਿਚ ਕਾਕੀ, ਸ਼ੋਲੇਅਰ, ਮਾਤੁਪੱਟੀ, ਮੂਝਿਆਰ, ਕੁੰਡਾਲਾ ਅਤੇ ਪੀਚੀ ਸ਼ਾਮਲ ਹਨ। ਇਸ ਤੋਂ ਇਲਾਵਾ ਅੱਠ ਹੋਰ ਡੈਮਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਘੱਟੋ -ਘੱਟ 20 ਰਾਜਾਂ ਵਿੱਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਉਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਨੇਪਾਲ ਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਚਾਰ ਧਾਮ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਉਤਰਾਖੰਡ ਵਿੱਚ ਅੱਜ ਲਗਾਤਾਰ ਤੀਜੇ ਦਿਨ ਭਾਰੀ ਮੀਂਹ ਦੀ ਚੇਤਾਵਨੀ ਹੈ। ਅਗਲੇ 24 ਘੰਟਿਆਂ ਵਿੱਚ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਸੂਬੇ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। -PTC News