PSPCL 'ਚ ਸਹਾਇਕ ਲਾਈਨਮੈਨਜ਼ ਦੀਆਂ 2000 ਅਸਾਮੀਆਂ 'ਤੇ ਛੇਤੀ ਹੋਵੇਗੀ ਭਰਤੀ : ਹਰਭਜਨ ਸਿੰਘ ਈਟੀਓ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 'ਚ ਅਸਿਸਟੈਂਟ ਲਾਈਨਮੈਨ ਦੀਆਂ 2000 ਅਸਾਮੀਆਂ ਵਿਰੁੱਧ ਭਰਤੀ ਪ੍ਰਕਿਰਿਆ ਜਾਰੀ ਹੈ, ਇਹ ਭਰਤੀ ਪ੍ਰਕਿਰਿਆ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਐਸਪੀਸੀਐਲ ਨੇ ਪਹਿਲਾਂ ਜਾਰੀ ਕੀਤੇ ਇਸ਼ਤਿਹਾਰ ਰਾਹੀਂ ਅਸਿਸਟੈਂਟ ਲਾਈਨਮੈਨਜ਼ ਦੀਆਂ 1690 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਸਨ ਤੇ ਹੁਣ ਇਸ਼ਤਿਹਾਰ ਨੂੰ ਸੋਧ ਕੇ ਇਨ੍ਹਾਂ ਅਸਾਮੀਆਂ ਦੀ ਗਿਣਤੀ ਵਧਾ ਕੇ 2000 ਕੀਤੀ ਗਈ ਹੈ।
ਈਟੀਓ ਨੇ ਦੱਸਿਆ ਕਿ ਯੋਗ ਉਮੀਦਵਾਰਾਂ ਕੋਲ 20 ਸਤੰਬਰ, 2022 ਤੱਕ ਆਨਲਾਈਨ ਕਰਨ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਭਰਤੀ ਸਬੰਧੀ ਵਿਭਾਗ ਵੱਲੋਂ ਇਕ ਹੈਲਪਲਾਈਨ ਨੰਬਰ 96461-15646 ਵੀ ਜਾਰੀ ਕੀਤਾ ਗਿਆ ਹੈ। ਜੇ ਕਿਸੇ ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨ ਵੇਲੇ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਦਫ਼ਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੈਲਪਲਾਈਨ ਨੰਬਰ ਉਤੇ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਵਿਭਾਗ ਦੀ ਵੈਬਸਾਈਟ ਉਤੇ ਅਪਲੋਡ ਕੀਤੀ ਗਈ ਹੈ ਜਿੱਥੋਂ ਉਮੀਦਵਾਰ ਜਾਣਕਾਰੀ ਹਾਸਲ ਕਰ ਸਕਦੇ ਹਨ। ਉਮੀਦਵਾਰ ਇਸ ਭਰਤੀ ਸਬੰਧੀ ਹੋਰ ਵੇਰਵਿਆਂ ਤੇ ਤਾਜੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਆਨਲਾਈਨ ਪ੍ਰੀਖਿਆ ਲਈ ਜਾਵੇਗੀ, ਜਿਸ ਵਿਚ ਜਨਰਲ ਵਰਗ ਨੂੰ ਘੱਟੋ-ਘੱਟ 25 ਫ਼ੀਸਦੀ ਤੇ ਰਾਖਵੇਂ ਵਰਗ ਨੂੰ 20 ਫ਼ੀਸਦੀ ਅੰਕ ਹਾਸਲ ਕਰਨੇ ਹੋਣਗੇ। ਇਨ੍ਹਾਂ ਪ੍ਰੀਖਿਆਵਾਂ ਨਾਲ ਸਬੰਧਤ ਨਿਰਧਾਰਤ ਸਿਲੇਬਸ ਤੇ ਸੈਂਪਲ ਪ੍ਰਸ਼ਨ ਪੱਤਰ ਪਹਿਲਾਂ ਹੀ ਵਿਭਾਗ ਦੀ ਵੈਬਸਾਈਟ ਉਤੇ ਅਪਲੋਡ ਕੀਤਾ ਗਿਆ ਹੈ। ਹਰਭਜਨ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿਚ ਵੱਡੀ ਗਿਣਤੀ ਨੌਜਵਾਨਾਂ ਨੂੰ ਰੁੁਜ਼ਗਾਰ ਮਿਲੇਗਾ।
ਰਿਪੋਰਟ-ਗਗਨਦੀਪ ਆਹੂਜਾ
-PTC News
ਇਹ ਵੀ ਪੜ੍ਹੋ : ਬਾਈਕ 'ਤੇ ਪਿੱਛੇ ਬੈਠੇ ਬਲਦ ਦੀ ਵੀਡਿਓ ਹੋ ਰਹੀ ਹੈ ਵਾਇਰਲ, ਹੁਣ ਤੱਕ ਮਿਲ ਚੁੱਕੇ ਹਨ ਲੱਖਾਂ Views