ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਈਲ ਫੋਨਾਂ ਦੀ ਬਰਾਮਦਗੀ ਲਗਾਤਾਰ ਜਾਰੀ
ਗਗਨਦੀਪ ਸਿੰਘ ਅਹੂਜਾ (ਪਟਿਆਲਾ, 17 ਸਤੰਬਰ): ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਮੋਬਾਇਲਾਂ ਤੇ ਨਸ਼ੇ ਦੀ ਵੱਡੀ ਖੇਪ ਨੂੰ ਜੇਲ੍ਹ 'ਚ ਪਹੁੰਚਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਨਾਕਾਮ ਕਰ ਦਿੱਤਾ ਹੈ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਸੁਰੱਖਿਆ ਮੁਲਾਜ਼ਮਾਂ ਨੇ ਜੇਲ੍ਹ ਦੇ ਬਾਹਰੋਂ ਨਸ਼ੇ ਸੁੱਟ ਕੇ ਨੱਸਣ ਵਾਲੇ ਚਾਰ ਵਿਅਕਤੀਆਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ, ਜਦੋਂ ਕਿ ਬਾਕੀ ਦੇ 3 ਮੁਲਜ਼ਮ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਹੇ। ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ 4 ਵਿਅਕਤੀ ਵੈਨ ' ਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਵੱਡੀ ਖੇਪ ਨੂੰ ਜੇਲ੍ਹ 'ਚ ਪਹੁੰਚਾਉਣ ਲਈ ਸੁੱਟਿਆ ਤਾਂ ਮੌਕੇ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਜਿੱਥੇ ਖੇਪ ਨੂੰ ਕਾਬੂ ਕਰ ਲਿਆ, ਉੱਥੇ ਹੀ ਮੁਸਤੈਦੀ ਵਿਖਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਜਦਕਿ ਉਸਦੇ ਤਿੰਨ ਸਾਥੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਹੇ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਪਟਿਆਲਾ ਵਾਸੀ ਸੁਰਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਨੂੰ ਥਾਣਾ ਤ੍ਰਿਪੜੀ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਕੁਲ 4 ਵਿਅਕਤੀਆਂ ਖਿਲਾਫ ਧਾਰਾ 42 ਤੇ 52ਏ (ਪ੍ਰੀਜ਼ਨ ਐਕਟ) ਤਹਿਤ ਕੇਸ ਦਰਜ ਕਰ ਕੇ ਫਰਾਰ ਬਾਕੀ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਹੜੀ ਖੇਪ ਜੇਲ੍ਹ ਦੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਉਸ 'ਚ ਪੁਲਿਸ ਨੂੰ 27 ਮੋਬਾਇਲ, 42 ਡਾਟਾ ਕੇਬਲ ਅਤੇ ਚਾਰਜਰ, 375 ਤੰਬਾਕੂ ਦੀਆਂ ਪੁੜੀਆਂ ਸਣੇ 95 ਗ੍ਰਾਮ ਸੁਲਫ਼ਾ ਬਰਾਮਦ ਕੀਤਾ ਹੈ। ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ 'ਚ ਵੱਡਾ ਸਵਾਲ ਇਹ ਉੱਠਦਾ ਆ ਰਿਹਾ ਸੀ ਕਿ ਆਖਿਰ ਮੋਬਾਇਲ ਫੋਨ ਕਿੱਥੋਂ ਆ ਰਹੇ ਹਨ। ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਜੇਲ 'ਚ ਬਾਹਰ ਤੋਂ ਸੁੱਟੇ ਤੰਬਾਕੂ ਅਤੇ ਮੋਬਾਇਲ ਅਤੇ ਹੋਰ ਸਾਮਾਨ ਨੂੰ ਚੈੱਕ ਕਰਨ ਲਈ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਲਗਾਤਾਰ ਮੁਸਤੈਦੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਵੀ ਮੋਟਰਸਾਈਕਲ 'ਤੇ ਜੇਲ੍ਹ 'ਚ ਸਾਮਾਨ ਸੁੱਟਣ ਵਾਲਿਆਂ ਨੂੰ ਕਾਬੂ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਨੇ ਸਰਹੱਦੀ ਖੇਤਰਾਂ ’ਚ ਸਿੱਖੀ ਦੇ ਪ੍ਰਚਾਰ ਲਈ 117 ਵਲੰਟੀਅਰ ਚੁਣੇ ਅੱਜ ਹੁਣ ਫਿਰ ਤੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਟਿਵਾਣਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਮਈ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਇਸ ਜੇਲ੍ਹ ਦੇ ਮੁੱਖੀ ਵਜੋਂ ਕੰਮਕਾਜ ਸਾਂਭਿਆ ਹੈ, ਉਦੋਂ ਤੋਂ ਹੁਣ ਤੱਕ 350 ਤੋਂ ਵੱਧ ਮੋਬਾਈਲ ਫੋਨ ਪਟਿਆਲਾ ਜੇਲ੍ਹ ਵਿੱਚ ਕਾਬੂ ਕੀਤੇ ਹਨ ਅਤੇ ਬੀਤੀ ਰਾਤ ਸਪਲਾਈ ਲਾਈਨ 'ਤੇ ਹੀ 27 ਮੋਬਾਈਲ ਕਾਬੂ ਕਰਨਾ ਇੱਕ ਵੱਡੀ ਉਪਲਬਧੀ ਹੈ। -PTC News