ਮਾੜੇ ਚੋਣ ਨਤੀਜਿਆਂ ਪਿੱਛੋਂ ਕਾਂਗਰਸ 'ਚ ਉਠਣ ਲੱਗੇ ਬਗ਼ਾਵਤੀ ਸੁਰ
ਫਿਰੋਜ਼ਪੁਰ : ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਮਿਲਕਫੈਡ ਪੰਜਾਬ ਦੇ ਡਾਇਰੈਕਟਰ ਗੁਰਭੇਜ ਟਿੱਬੀ ਨੇ ਨਵਜੋਤ ਸਿੱਧੂ ਨੂੰ ਹਾਰ ਦਾ ਜ਼ਿੰਮੇਵਾਰ ਠਹਿਰਾਾਇਆ ਤੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਮਾੜੀ ਬੋਲ ਬਾਣੀ ਅਤੇ ਹੰਕਾਰ ਦਾ ਕਾਂਗਰਸ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਕਾਂਗਰਸ ਵਿੱਚ ਸਿੱਧੂ ਖ਼ਿਲਾਫ਼ ਬਗ਼ਾਵਤੀ ਸੁਰ ਉਠਣੇ ਸ਼ੁਰੂ ਹੋ ਗਏ ਹਨ ਤੇ ਨਵਜੋਤ ਸਿੰਘ ਸਿੱਧੂ ਨੂੰ ਹੀ ਕਾਂਗਰਸ ਦੀ ਇਸ ਬੁਰੀ ਹਾਰ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਮਿਲਕਫੈਡ ਪੰਜਾਬ ਦੇ ਡਾਇਰੈਕਟਰ ਤੇ ਮਿਲਕ ਪਲਾਂਟ ਫਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਦਾ ਕਹਿਣਾ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪਾਰਟੀ ਹਾਈ ਕਮਾਨ ਵੱਲੋਂ ਲੈ ਕੇ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਦੀ ਪਾਰਟੀ ਤੇ ਸਰਕਾਰ ਵਿਰੋਧੀ ਬਿਆਨਬਾਜ਼ੀ ਅਤੇ ਟਿਕਟਾਂ ਦੀ ਗ਼ਲਤ ਵੰਡ ਕਾਰਨ ਕਾਂਗਰਸ ਨੂੰ ਇੰਨੀ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਰਟੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਪਾਰਟੀ ਅੰਦਰ ਵੀਆਈਪੀ ਕਲਚਰ ਤੇ ਸੈਲੀਬ੍ਰਿਟੀ ਕਲਚਰ ਖ਼ਤਮ ਕੀਤਾ ਜਾਵੇ ਅਤੇ ਜ਼ਮੀਨ 'ਤੇ ਕੰਮ ਕਰ ਰਹੇ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇ। ਗੁਰਭੇਜ ਟਿੱਬੀ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਗਿੱਦੜਬਾਹਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਵੇ। ਇਸ ਨਾਲ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਵਧੀਆ ਤਰੀਕੇ ਨਾਲ ਚੁੱਕੀ ਜਾ ਸਕੇ ਅਤੇ ਪੁਰਾਣੇ ਅਤੇ ਅਣਥੱਕ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਜਾਵੇ ਤਾਂ ਕਿ ਪਾਰਟੀ ਨੂੰ ਮਜ਼ਬੂਤ ਕਰਕੇ ਫਿਰ ਤੋਂ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਆਪਣੇ ਕਾਰਜਕਾਲ ਦੌਰਾਨ ਨਵਜੋਤ ਸਿੰਘ ਸਿੱਧੂ ਪਾਰਟੀ ਵਰਕਰਾਂ ਨੂੰ ਮਿਲੇ ਤੱਕ ਵੀ ਨਹੀਂ ਅਤੇ ਨਾ ਹੀ ਕਿਸੇ ਦਾ ਫੋਨ ਚੁੱਕਦੇ ਸਨ। ਇਸ ਕਾਰਨ ਵਰਕਰਾਂ ਵਿੱਚ ਵੀ ਨਿਰਾਸ਼ਾ ਰਹੀ ਅਤੇ ਇਸੇ ਦਾ ਨਤੀਜਾ ਰਿਹਾ ਕਿ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਲੈ ਕੇ ਪੋਲੈਂਡ ਤੋਂ ਦਿੱਲੀ ਪੁੱਜੇ ਭਾਰਤੀ ਹਵਾਈ ਸੈਨਾ ਇੰਡੀਗੋ ਦੇ ਜਹਾਜ਼