ਤਲਵੰਡੀ ਸਾਬੋ 'ਚ ਆਮ ਆਦਮੀ ਪਾਰਟੀ ਵਿੱਚ ਬਗਾਵਤ, ਜਾਣੋ ਕੀ ਹੈ ਪੂਰਾ ਮਾਮਲਾ
ਬਠਿੰਡਾ, 15 ਸਤੰਬਰ: ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਹਲਕਾ ਪ੍ਰਧਾਨ ਨੇ ਆਪਣੀ ਹੀ ਪਾਰਟੀ ਦੇ ਹਲਕਾ ਵਿਧਾਇਕ 'ਤੇ ਲੋਕਾਂ ਤੋਂ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਹਨ। ‘ਆਪ’ ਆਗੂ ਗੁਰਪ੍ਰੀਤ ਸਿੰਘ ਗੋਰਾ ਨੇ ਦਾਅਵਾ ਕੀਤਾ ਕਿ ਉਸਨੇ ਹੀ ਪਿਛਲੇ ਦਿਨੀਂ ਤਲਵੰਡੀ ਸਾਬੋ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਵੀਡੀਓ ਵਾਇਰਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਮਾ ਮੰਡੀ ਵਿੱਚ ਟਰੱਕ ਯੂਨੀਅਨ ਵਿੱਚ ਗੁੰਡਾ ਟੈਕਸ ਵਸੂਲਣ ਲਈ ਸੱਤ ਵਿਅਕਤੀ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 2024 ਵਿੱਚ ਪਾਰਟੀ ਦੀ ਹਾਲਤ ਸੰਗਰੂਰ ਵਰਗੀ ਹੋ ਜਾਵੇਗੀ। 'ਆਪ' ਆਗੂ ਨੇ ਦਾਅਵਾ ਕੀਤਾ ਕਿ ਹਲਕਾ ਤਲਵੰਡੀ ਸਾਬੋ 'ਚ ਲੋਕਾਂ ਨੇ 'ਆਪ' ਵਿਧਾਇਕ ਨੂੰ ਵੋਟ ਨਹੀਂ ਪਾਈ, ਵੋਟ ਸਿਰਫ਼ ਭਗਵੰਤ ਮਾਨ ਦੇ ਨਾਂ 'ਤੇ ਪਈ ਹੈ।
ਗੋਰਾ ਦਾ ਕਹਿਣਾ ਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੂੰ ਲੁੱਟ ਰਹੇ ਹਨ ਤੇ ਇਸ ਤੋਂ ਪਹਿਲਾਂ ਕਾਂਗਰਸ ਦੇ ਹਲਕਾ ਇੰਚਾਰਜਾਂ ਨਾਲ ਵੀ ਮਿਲ ਕੇ ਉਹ ਇੱਥੇ ਲੁੱਟਾਂ ਕਰਦੇ ਰਹੇ ਹਨ। ਗੁਰਪ੍ਰੀਤ ਸਿੰਘ ਗੋਰਾ ਦਾ ਕਹਿਣਾ ਕਿ ਟਰੱਕ ਯੂਨੀਅਨ ਦੇ ਮੁਖੀ ਦੀ ਪਿਛਲੇ ਦਿਨੀਂ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੁਖੀ ਹਲਕਾ ਵਿਧਾਇਕ ਦੇ ਇਸ਼ਾਰੇ 'ਤੇ ਇਹ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਹਲਕਾ ਮੁਖੀ ਨੇ ਇੱਕ ਪਟਵਾਰੀ ਤੋਂ ਵੀ 50 ਹਜ਼ਾਰ ਰੁਪਏ ਲਏ ਸਨ, ਜਿਸ ਦੀ ਵੀਡੀਓ ਉਨ੍ਹਾਂ ਕੋਲ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਹੋਰ ਵੀ ਕਈ ਵੀਡੀਓਜ਼ ਵਾਇਰਲ ਕੀਤੀਆਂ ਜਾਣਗੀਆਂ।
ਤਲਵੰਡੀ ਸਾਬੋ ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਨੂੰ ਬੁੱਧਵਾਰ ਨੂੰ ਆਪਰੇਟਰਾਂ ਤੋਂ ਪੈਸੇ ਵਸੂਲਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਇਕ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ, ਜਿਸ ਵਿਚ ਸਿੰਘ ਪਸ਼ੂ ਵਪਾਰੀ ਟਰਾਂਸਪੋਰਟਰ ਅਤੇ ਸ਼ਿਕਾਇਤਕਰਤਾ ਸੁਨਾਵਰ ਕੁਰੈਸ਼ੀ ਤੋਂ 2,000 ਰੁਪਏ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਗੁੰਡਾ ਟੈਕਸ ਵਸੂਲਣ ਮਾਮਲੇ 'ਚ ਟਰੱਕ ਯੂਨੀਅਨ ਦਾ ਪ੍ਰਧਾਨ ਗ੍ਰਿਫ਼ਤਾਰ
ਤਲਵੰਡੀ ਸਾਬੋ ਦੇ ਡੀਐਸਪੀ ਜਤਿਨ ਬਾਂਸਲ ਦਾ ਕਹਿਣਾ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 384 (ਜਬਰਦਸਤੀ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਿੰਘ ਨੂੰ ਸਬ ਡਿਵੀਜ਼ਨਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੰਘ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ।
-PTC News