ਜਬਰ-ਜਨਾਹ ਮਾਮਲਾ : ਸਿਮਰਜੀਤ ਬੈਂਸ ਦੇ ਸਲਾਖਾਂ ਪਿੱਛੇ ਜਾਣ ਮਗਰੋਂ ਪੀੜਤਾ ਨੇ ਚੁੱਕਿਆ ਧਰਨਾ
ਲੁਧਿਆਣਾ: ਸਿਮਰਜੀਤ ਸਿੰਘ ਬੈਂਸ ਰੇਪ ਮਾਮਲੇ ਦੇ ਵਿੱਚ ਪੀੜਤਾ ਅਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਲੁਧਿਆਣਾ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੀੜਤਾ ਦਾ ਕਹਿਣਾ ਹੈ ਕਿ ਜਿੰਨੇ ਵੀ ਇਸ ਮਾਮਲੇ ਦੇ ਵਿੱਚ ਮੁਲਜ਼ਮ ਹਨ ਉਹ ਹੁਣ ਸਲਾਖਾਂ ਦੇ ਪਿੱਛੇ ਹਨ ਇਸ ਕਰਕੇ ਕਮਿਸ਼ਨਰ ਦਫ਼ਤਰ ਦੇ ਬਾਹਰੋਂ ਉਹ ਧਰਨਾ ਚੁੱਕ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਡੇਢ ਸਾਲ ਤੋਂ ਪੀੜਤਾ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਾਈ ਬੈਠੀ ਸੀ। ਦੂਜੇ ਪਾਸੇ ਪੀੜਤਾ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਬੜਾ ਸੰਘਰਸ਼ ਕਰਨਾ ਪਿਆ ਅਤੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਰੇ ਆਰੋਪੀ ਸਲਾਖਾਂ ਦੇ ਪਿੱਛੇ ਹਨ। ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਅੱਜ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਜਿੱਤ ਹੋਈ ਹੈ।ਕਈ ਵਾਰ ਉਨ੍ਹਾਂ ਤੇ ਪ੍ਰੈਸ਼ਰ ਵੀ ਪਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤਾ ਨੂੰ ਧਮਕੀਆਂ ਵੀ ਮਿਲੀਆਂ ਪਰ ਉਸ ਦੇ ਬਾਵਜੂਦ ਉਹ ਪਿੱਛੇ ਨਹੀਂ ਹਟੇ। ਜ਼ਿਕਰਯੋਗ ਹੈ ਕਿ ਬਲਾਤਕਾਰ ਦੇ ਇਲਜ਼ਾਮ ਵਿੱਚ ਘਿਰੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੀ ਅਦਾਲਤ ਦੇ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਕੋਰਟ ਨੇ ਰਿਮਾਂਡ ਉੱਤੇ ਭੇਜ ਦਿੱਤਾ ਸੀ। ਪੁਲਿਸ ਜਦੋਂ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਵਿੱਚੋਂ ਲੈ ਕੇ ਜਾ ਰਹੀ ਸੀ ਤਾਂ ਉਸ ਸਮੇਂ ਵੱਡੀ ਗਿਣਤੀ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਸਮਰਥਕ ਇਕੱਠੇ ਹੋਏ ਗਏ। ਸਮਰਥਕਾਂ ਨੇ ਸਿਮਰਜੀਤ ਬੈਂਸ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲਿਸ ਨੂੰ ਬੈਂਸ ਨੂੰ ਉਥੋਂ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਬਰ ਜਨਾਹ ਮਾਮਲੇ ਵਿੱਚ ਲੋੜੀਂਦੇ ਚਾਰ ਹੋਰਨਾਂ ਮੁਲਜ਼ਮਾਂ ਸਮੇਤ ਅੱਜ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਬੈਂਸ ਤੇ ਹੋਰ ਮੁਲਜ਼ਮਾਂ- ਪਰਮਜੀਤ ਸਿੰਘ ਪੰਮਾ, ਜਸਬੀਰ ਕੌਰ, ਬਲਜਿੰਦਰ ਕੌਰ, ਪਰਦੀਪ ਕੁਮਾਰ ਉਰਫ਼ ਗੋਗੀ ਸ਼ਰਮਾ ਦੇ ਨਾਲ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਆਤਮ-ਸਮਰਪਣ ਕੀਤਾ ਸੀ। ਹਾਲ ਹੀ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਕੁਰਕ ਕੀਤੀ ਸੀ। ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਸਥਿਤ ਪਰਮਜੀਤ ਸਿੰਘ ਪੰਮਾ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ। ਉਸ ਨੂੰ 12 ਅਪ੍ਰੈਲ ਨੂੰ ਸੱਤ ਮੁਲਜ਼ਮਾਂ ਸਮੇਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ:ਮੁਫ਼ਤ ਬਿਜਲੀ : ਐਸਸੀ/ਬੀਸੀ/ਬੀਪੀਐਲ ਕੈਟਾਗਿਰੀ ਲਈ ਇਕ ਕਿਲੋਵਾਟ ਦੇ ਮੀਟਰ ਦੀ ਸ਼ਰਤ ਹਟਾਈ -PTC News