ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੇ ਕਰੀਬੀ 'ਤੇ ਕੀਤੀ ਵੱਡੀ ਕਾਰਵਾਈ
ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਨਵਜੋਤ ਸਿੱਧੂ ਦੇ ਨਜ਼ਦੀਕੀ ਨਰਿੰਦਰਪਾਲ ਲਾਲੀ ਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਆਗੂ ਨਰਿੰਦਰ ਲਾਲੀ ਨੂੰ ਬਰਖ਼ਾਸਤ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਮਗਰੋਂ ਲਾਲੀ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਰਿੰਦਰਪਾਲ ਲਾਲੀ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਹਨ ਵੱਲੋਂ ਕੱਲ੍ਹ ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਧਰਨੇ ਦੇ ਸੱਦੇ ਨੂੰ ਅੱਖੋਂ ਪਰੋਖੇ ਕਰਦਿਆਂ ਪਾਰਟੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਸਗੋਂ ਆਪਣੇ ਦਫਤਰ ਦੇ ਅੱਗੇ ਹੀ ਕੁਝ ਵਰਕਰਾਂ ਨਾਲ ਧਰਨਾ ਦਿੱਤਾ ਸੀ। ਇਸ ਕਾਰਨ ਕਾਂਗਰਸ ਹਾਈਕਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ, ਦੂਜੀ ਪਤਨੀ ਨੇ ਲਗਾਏ ਗੰਭੀਰ ਇਲਜ਼ਾਮ
ਬੀਤੇ ਦਿਨ ਲਾਲੀ ਵੱਲੋਂ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਾਲੇ ਧਰਨੇ 'ਚ ਸ਼ਾਮਲ ਹੋਣ ਦੀ ਬਜਾਏ ਵੱਖਰੇ ਤੌਰ ਉਤੇ ਧਰਨਾ ਲਗਾਇਆ ਗਿਆ ਜਿਸ ਤੋਂ ਖ਼ਫ਼ਾ ਹੋਏ ਵੜਿੰਗ ਨੇ ਲਾਲੀ ਖਿਲਾਫ਼ ਕਾਰਵਾਈ ਲਈ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੂੰ ਪੱਤਰ ਲਿਖਿਆ। ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਕਾਂਗਰਸੀ ਆਗੂ ਨਰਿੰਦਰ ਪਾਲ ਲਾਲੀ ਨੂੰ ਪਟਿਆਲਾ ਸ਼ਹਿਰੀ ਪ੍ਰਧਾਨ ਦੇ ਅਹੁਦੇ ਨਾਲ ਨਵਾਜਿਆ ਸੀ। ਹੁਣ ਲਾਲੀ ਖਿਲਾਫ਼ ਪਾਰਟੀ ਪੱਧਰ ਉਤੇ ਕਾਰਵਾਈ ਹੋਣ ਮਗਰੋਂ ਸਿੱਧੂ ਧੜੇ ਵਿਚ ਵੀ ਹਲਚਲ ਹੁੰਦੀ ਨਜ਼ਰ ਆ ਰਹੀ ਹੈ।
ਰਿਪੋਰਟ-ਗਗਨਦੀਪ ਆਹੂਜਾ
-PTC News