ਰਾਜਾ ਵੜਿੰਗ ਨੇ ਮਾਨ ਸਰਕਾਰ 'ਤੇ ਸਾਧੇ ਨਿਸ਼ਾਨੇ, ਕਿਹਾ-ਰਾਜਪਾਲ ਖਿਲਾਫ਼ ਮੋਰਚਾ ਖੋਲ੍ਹਣਾ ਗਲਤ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਨਾਲ ਬੇਲੋੜਾ ਟਕਰਾਅ ਪੈਦਾ ਕਰਨ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਸ ਨੂੰ ਝੂਠਾ ਦਾ ਮਾਮਲਾ ਬਣਾ ਦਿੱਤਾ ਹੈ। ਨਹੀਂ ਤਾਂ, ਰਾਜਪਾਲ ਵੱਲੋਂ ਮੰਗੀ ਗਈ ਕੁਝ ਜਾਣਕਾਰੀ ਦਾ ਜਵਾਬ ਦੇਣ ਵਿੱਚ ਕੀ ਦਿੱਕਤ ਹੈ, ਜੋ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਵੜਿੰਗ ਨੇ ਇਕ ਵਾਰ ਫਿਰ ਤੋਂ ਆਪਣੀ ਪਾਰਟੀ ਦੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਨੂੰ ਅਮਨ-ਕਾਨੂੰਨ, ਵਿਗੜਦੀ ਵਿੱਤੀ ਹਾਲਤ, ਬੇਰੁਜ਼ਗਾਰੀ, ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਵਰਗੇ ਮਾਮਲਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਰਾਜਪਾਲ ਖ਼ਿਲਾਫ਼ ਮੋਰਚਾ ਖੋਲ੍ਹਣਾ ਗਲਤ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ‘ਆਪ’ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਭਟਕਾਉਣ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਪਹਿਲੀ ਨਜ਼ਰ ਚ ਇਸਦੇ ਬਹੁਮਤ ਨੂੰ ਕਿਸੇ ਨੇ ਵੀ ਚੁਣੌਤੀ ਨਹੀਂ ਦਿੱਤੀ ਤਾਂ ਭਰੋਸੇ ਦੀ ਵੋਟ ਲਿਆਉਣ ਦਾ ਕੋਈ ਆਧਾਰ ਨਹੀਂ ਹੈ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਰਾਜਪਾਲ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਲਈ ਏਜੰਡੇ 'ਤੇ ਸਪੱਸ਼ਟਤਾ ਮੰਗਣੀ ਲਾਜ਼ਮੀ ਹੈ, ਕਿਉਂਕਿ 'ਆਪ' ਸਰਕਾਰ ਹਮੇਸ਼ਾ ਅਸਪਸ਼ਟ ਰਹੀ ਹੈ। ਇਕ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕਰੇਗੀ ਅਤੇ ਦੂਜੇ ਪਾਸੇ ਲੁਕਵੇਂ ਏਜੰਡੇ ਨਾਲ ਇਕ ਹੋਰ ਸੈਸ਼ਨ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਇਸ ਸਬੰਧ ਵਿੱਚ ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸੰਵਿਧਾਨ ਦੀਆਂ ਸਬੰਧਤ ਧਾਰਾਵਾਂ ਦਾ ਜ਼ਿਕਰ ਕੀਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ, ਜਿਸ ਲਈ 'ਆਪ' ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਤੁਹਾਨੂੰ ਪਸੰਦ ਹੋਵੇ ਜਾਂ ਨਾ, ਪਰ ਰਾਜਪਾਲ ਸੂਬੇ ਦੇ ਸੰਵਿਧਾਨਕ ਮੁਖੀ ਹਨ ਅਤੇ ਉਨ੍ਹਾਂ ਵੱਲੋਂ ਮੰਗੀ ਗਈ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਉਨ੍ਹਾਂ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਹੈ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜਿਆ ਵਿਧਾਨ ਸਭਾ ਸੈਸ਼ਨ ਦਾ ਏਜੰਡਾ -PTC News